ਪੈਰਿਸ ''ਚ ਹਰ ਕਿਸੇ ਦੇ ਲਈ ਮਾਸਕ ਪਾਉਣਾ ਕੀਤਾ ਗਿਆ ਲਾਜ਼ਮੀ
Thursday, Aug 27, 2020 - 11:10 PM (IST)
ਪੈਰਿਸ: ਫਰਾਂਸ ਦੇ 20 ਫੀਸਦੀ ਖੇਤਰਾਂ ਵਿਚ ਕੋਰੋਨਾ ਵਾਇਰਸ ਸਰਗਰਮ ਹੈ ਤੇ ਅਜਿਹੇ ਵਿਚ ਰਾਜਧਾਨੀ ਪੈਰਿਸ ਵਿਚ ਹਰ ਕਿਸੇ ਦੇ ਲਈ ਮਾਸਕ ਪਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਂਕਿ ਸਰਕਾਰ ਅਗਲੇ ਹਫਤੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ, ਕੰਮ 'ਤੇ ਮਜ਼ਦੂਰਾਂ ਨੂੰ ਵਾਪਸ ਲਿਆਉਣ ਤੇ ਸ਼ਨੀਵਾਰ ਨੂੰ 'ਟੂਰ ਦੇ ਫਰਾਂਸ' ਸਾਈਕਲ ਰੇਸ ਸ਼ੁਰੂ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਮਨ ਬਣਾ ਚੁੱਕੀ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੇਕਸ ਨੇ ਵੀਰਵਾਰ ਨੂੰ ਦੇਸ਼ ਦੇ ਨਵੇਂ 'ਰੈੱਡ ਜ਼ੋਨ' (ਵਾਇਰਸ ਦੇ ਪ੍ਰਸਾਰ ਵਾਲੇ ਖੇਤਰਾਂ) ਦਾ ਨਕਸ਼ਾ ਦਿਖਾਉਂਦੇ ਹੋਏ ਸਥਾਨਕ ਅਧਿਕਾਰੀਆਂ ਨਾਲ ਨਵੀਂਆਂ ਪਾਬੰਦੀਆਂ ਲਾਗੂ ਕਰਨ ਦੀ ਅਪੀਲ ਕੀਤੀ, ਤਾਂਕਿ ਇਨਫੈਕਸ਼ਨ ਦੇ ਪ੍ਰਸਾਰ ਨੂੰ ਹੌਲੀ ਕੀਤਾ ਜਾ ਸਕੇ ਤੇ ਆਰਥਿਕ ਤੌਰ 'ਤੇ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਇਕ ਹੋਰ ਰਾਸ਼ਟਰਵਿਆਪੀ ਲਾਕਡਾਊਨ ਨੂੰ ਟਾਲਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦਾ ਹੋਰ ਵਧੇਰੇ ਪ੍ਰਸਾਰ ਹੋ ਰਿਹਾ ਹੈ ਤੇ ਹੁਣ ਸਾਨੂੰ ਲਾਜ਼ਮੀ ਤੌਰ 'ਤੇ ਦਖਲ ਦੇਣੀ ਚਾਹੀਦੀ ਹੈ। ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਹੁਣ 101 ਪ੍ਰਸ਼ਾਸਨਿਕ ਖੇਤਰਾਂ ਵਿਚ 21 'ਰੈੱਡ ਜ਼ੋਨ' ਹੋਂਣਗੇ, ਜਿਥੇ ਵਾਇਰਸ ਦਾ ਪ੍ਰਸਾਰ ਹੋ ਰਿਹਾ ਹੈ ਤੇ ਜਿਥੇ ਸਥਾਨਕ ਅਧਿਕਾਰੀ ਲੋਕਾਂ ਦੇ ਇਕੱਠੇ ਹੋਣ ਤੇ ਗਤੀਵਿਧੀਆਂ 'ਤੇ ਕਿਤੇ ਵਧੇਰੇ ਸਖਤ ਪਾਬੰਦੀ ਲਗਾ ਸਕਦੇ ਹਨ। ਕਾਸਟੇਕਸ ਨੇ ਪੈਰਿਸ ਦੇ ਅਧਿਕਾਰੀਂ ਨੂੰ ਹਰ ਥਾਂ ਮਾਸਕ ਪਾਉਣ ਨੂੰ ਲਾਜ਼ਮੀ ਕੀਤੇ ਜਾਣ ਨੂੰ ਕਿਹਾ।
ਜ਼ਿਕਰਯੋਗ ਹੈ ਕਿ ਫਰਾਂਸ ਵਿਚ ਕੋਵਿਡ-19 ਕਾਰਣ 30,500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਤੇ ਇਟਲੀ ਤੋਂ ਬਾਅਦ ਯੂਰਪ ਵਿਚ ਇਸ ਮਾਮਲੇ ਵਿਚ ਇਸ ਦਾ ਤੀਜਾ ਸਥਾਨ ਹੈ।