ਭਾਰਤ ਸਰਕਾਰ OCI ਵੀਜ਼ਾ ਮੁੱਦੇ ’ਤੇ ਜਲਦੀ ਲਵੇਗੀ ਫੈਸਲਾ : ਵਿਦੇਸ਼ ਰਾਜ ਮੰਤਰੀ

Monday, May 18, 2020 - 11:22 AM (IST)

ਭਾਰਤ ਸਰਕਾਰ OCI ਵੀਜ਼ਾ ਮੁੱਦੇ ’ਤੇ ਜਲਦੀ ਲਵੇਗੀ ਫੈਸਲਾ : ਵਿਦੇਸ਼ ਰਾਜ ਮੰਤਰੀ

ਵਾਸ਼ਿੰਗਟਨ (ਭਾਸ਼ਾ) : ਓ.ਸੀ.ਆਈ. (ਪ੍ਰਵਾਸੀ ਭਾਰਤੀ ਨਾਗਰਿਕ) ਕਾਰਡ ਧਾਰਕਾਂ ਦੇ ਲੰਬੀ ਮਿਆਦ ਵਾਲੇ ਵੀਜ਼ਾ ’ਤੇ ਲੱਗੀ ਅਸਥਾਈ ਰੋਕ ਨੂੰ ਲੈ ਕੇ ਪ੍ਰਵਾਸੀ ਭਾਰਤੀਆਂ ਦੇ ਮਨ ਵਿਚ ਬੈਠੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਹੈ ਕਿ ਸਰਕਾਰ ਜਲਦੀ ਹੀ ਇਸ ਸੰਬੰਧ ਵਿਚ ਢੁੱਕਵਾਂ ਫ਼ੈਸਲਾ ਲਵੇਗੀ । ਉਨ੍ਹਾਂ ਸਰਕਾਰ ਵੱਲੋਂ ਹਾਲ ਹੀ ਵਿਚ ਘੋਸ਼ਿਤ ਆਰਥਿਕ ਸੁਧਾਰਾਂ ਦੇ ਮੱਦੇਨਜ਼ਰ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਬਰਾਂ ਨੂੰ ਦੇਸ਼ ਵਿਚ ਨਿਵੇਸ਼ ਕਰਨ ਲਈ ਵੀ ਸੱਦਿਆ ਗਿਆ ਹੈ। 

ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਸ (ਐਫ.ਆਈ.ਏ.) ਅਤੇ ਬਿਹਾਰ ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵਲੋਂ ਐਤਵਾਰ ਨੂੰ ਕੋਵਿਡ-19 ’ਤੇ ਭਾਰਤੀ-ਅਮਰੀਕੀਆਂ ਨਾਲ ਰੱਖੀ ਗਈ ਆਨਲਾਈਨ ਚਰਚਾ ਵਿਚ ਮੁਰਲੀਧਰਨ ਦੇ ਹਿੱਸਾ ਲੈਣ ’ਤੇ ਉਨ੍ਹਾਂ ਨੂੰ ਓ.ਸੀ.ਆਈ. ਕਾਰਡ ਦੇ ਮੁੱਦੇ ’ਤੇ ਪੁੱਛੇ ਗਏ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਜਾਣਦੇ ਹਨ ਅਤੇ ਜਲਦੀ ਹੀ ਇਸ ’ਤੇ ਢੁੱਕਵਾਂ ਫ਼ੈਸਲਾ ਲੈਣਗੇ। ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕ ਜਿਨ੍ਹਾਂ ਦੇ ਬੱਚੇ ਓ.ਸੀ.ਆਈ. ਕਾਰਡ ਧਾਰਕ ਹਨ ਅਤੇ ਭਾਰਤੀ ਮੂਲ ਦੇ ਕਈ ਲੋਕ ਜਿਨ੍ਹਾਂ ਕੋਲ ਇਹ ਕਾਰਡ ਹਨ, ਉਹ ਲੰਬੀ ਮਿਆਦ ਵਾਲੇ ਵੀਜ਼ਾ ’ਤੇ ਲੱਗੀ ਅਸਥਾਈ ਰੋਕ ਕਾਰਨ ਭਾਰਤ ਦੀ ਯਾਤਰਾ ਨਹੀਂ ਕਰ ਪਾ ਰਹੇ। ਜੈਪੁਰ ਫੁੱਟ ਅਮਰੀਕਾ ਦੇ ਪ੍ਰਮੁੱਖ ਪ੍ਰੇਮ ਭੰਡਾਰੀ ਨੇ ਕਿਹਾ,“ਇਹ ਭਾਰਤੀ ਮੂਲ ਦੇ ਲੋਕਾਂ ਨਾਲ ਸੌਤੇਲਾ ਸਲੂਕ ਹੈ ਅਤੇ ਇਸ ਦੇ ਸੁਭਾਅ ਅਤੇ ਭਾਵਨਾ ਦੇ ਖਿਲਾਫ ਹੈ।

ਮੁਰਲੀਧਰਨ ਨੇ ਇਕ ਪ੍ਰਸ਼ਨ ਦੇ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਰਤ ਦੀ ਚੋਟੀ ਦੀ ਲੀਡਰਸ਼ਿਪ ਇਸ ਮੁੱਦੇ ਤੋਂ ਜਾਣੂ ਹੈ ਅਤੇ ਉਨ੍ਹਾਂ ਨੂੰ ਪ੍ਰਵਾਸੀ ਭਾਰਤੀ ਭਾਈਚਾਰੇ ’ਤੇ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੈ। ਉਨ੍ਹਾਂ ਇਸ ਚਰਚਾ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਜਲਦੀ ਹੀ ਇਸ ’ਤੇ ਫ਼ੈਸਲਾ ਕਰਨਗੇ ਅਤੇ ਕਿਹਾ, “ਮੈਂ ਓ.ਸੀ.ਆਈ. ਕਾਰਡ ਧਾਰਕਾਂ ਦੇ ਦੁੱਖ ਨੂੰ ਸਮਝਦਾ ਹਾਂ। ਮੁਰਲੀਧਰਨ ਨੇ ਪ੍ਰਵਾਸੀਆਂ ਨੂੰ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਘੋਸ਼ਿਤ ਵੱਡੇ ਆਰਥਿਕ ਸੁਧਾਰਾਂ ਤੋਂ ਉਪਲੱਬਧ ਮੌਕਿਆਂ ਦਾ ਲਾਭ ਲੈਣ ਅਤੇ ਭਾਰਤ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਸ਼ਾਇਦ ਭਾਰਤ ਵਿਚ ਅਜਿਹਾ ਆਰਥਿਕ ਸੁਧਾਰ ਕਦੇ ਨਹੀਂ ਹੋਇਆ। ਇਹ ਭਾਰਤੀ ਪ੍ਰਵਾਸੀਆਂ ਲਈ ਭਾਰਤ ਆ ਕੇ ਨਿਵੇਸ਼ ਕਰਨ ਦਾ ਬਹੁਤ ਵਧੀਆ ਮੌਕਾ ਹੈ।


author

cherry

Content Editor

Related News