ਚੁੱਪ ਦੀ ਵੋਟ, ਜੂਨ 84 ਦੀ ਯਾਦ, ਸ਼ਹੀਦਾਂ ਦਾ ਸਤਿਕਾਰ ਅਤੇ ਕੌਮ ਦਾ ਭਾਰਤ ਅੱਗੇ ਅਣਝੁਕਿਆ ਸਫ਼ਰ

Saturday, Jun 06, 2026 - 09:02 PM (IST)

ਚੁੱਪ ਦੀ ਵੋਟ, ਜੂਨ 84 ਦੀ ਯਾਦ, ਸ਼ਹੀਦਾਂ ਦਾ ਸਤਿਕਾਰ ਅਤੇ ਕੌਮ ਦਾ ਭਾਰਤ ਅੱਗੇ ਅਣਝੁਕਿਆ ਸਫ਼ਰ

ਲੰਡਨ, (ਸਰਬਜੀਤ ਸਿੰਘ ਬਨੂੜ)- ਜੂਨ 1984 ਸਿੱਖ ਇਤਿਹਾਸ ਦਾ ਉਹ ਅਧਿਆਇ ਹੈ ਜਿਸ ਨੂੰ ਨਾ ਸਮਾਂ ਮਿਟਾ ਸਕਿਆ ਹੈ ਅਤੇ ਨਾ ਹੀ ਸਿਆਸੀ ਬਿਆਨਬਾਜ਼ੀ ਉਸ ਦੀ ਯਾਦ ਨੂੰ ਧੁੰਦਲਾ ਕਰ ਸਕੀ ਹੈ। ਜੂਨ 84 ਵਿੱਚ ਭਾਰਤ ਸਰਕਾਰ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਵਿੱਚ ਮੌਜੂਦ ਮਰਜੀਵੜਿਆਂ, ਸ਼ਰਧਾਲੂਆਂ ਅਤੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਗਈਆਂ। ਇਸ ਘਟਨਾ ਨੇ ਸਿੱਖ ਕੌਮ ਦੇ ਮਨਾਂ ਉੱਤੇ ਅਜਿਹਾ ਅਸਰ ਛੱਡਿਆ ਜੋ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ।

ਹਰ ਸਾਲ 1 ਤੋਂ 7 ਜੂਨ ਤੱਕ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਅਤੇ ਦੁਨੀਆ ਭਰ ਦੇ ਗੁਰੂ ਘਰਾਂ ਵਿੱਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ। ਇਹ ਇਕੱਠ ਸਿਰਫ਼ ਧਾਰਮਿਕ ਸਮਾਗਮ ਨਹੀਂ ਹੁੰਦੇ, ਸਗੋਂ ਇੱਕ ਕੌਮੀ ਯਾਦ, ਇੱਕ ਇਤਿਹਾਸਕ ਚੇਤਨਾ ਅਤੇ ਇੱਕ ਅਣਕਹੇ ਸੰਦੇਸ਼ ਦਾ ਪ੍ਰਗਟਾਵਾ ਵੀ ਹੁੰਦੇ ਹਨ। ਬਹੁਤ ਸਾਰੇ ਲੋਕ ਸ਼ਾਇਦ ਕੋਈ ਨਾਅਰਾ ਨਾ ਲਗਾਉਣ, ਕੋਈ ਭਾਸ਼ਣ ਨਾ ਦੇਣ ਪਰ ਉਨ੍ਹਾਂ ਦੀ ਹਾਜ਼ਰੀ ਆਪਣੇ ਆਪ ਵਿੱਚ ਇੱਕ ਗਵਾਹੀ ਹੁੰਦੀ ਹੈ ਕਿ ਜੂਨ 84 ਦੀ ਯਾਦ ਅਜੇ ਵੀ ਜ਼ਿੰਦਾ ਹੈ।

ਅਕਸਰ ਏਜੰਸੀਆਂ ਤੇ ਝੋਲਾ ਚੁੱਕ ਆਗੂਆਂ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਖਾਂ ਦੀਆਂ ਕੁਝ ਮੰਗਾਂ ਜਾਂ ਵਿਚਾਰ ਸਿਰਫ਼ ਵਿਦੇਸ਼ਾਂ ਵਿੱਚ ਵੱਸਦੇ ਮੁੱਠੀ ਭਰ ਲੋਕਾਂ ਤੱਕ ਸੀਮਿਤ ਹਨ ਪਰ ਜਦੋਂ ਹਰ ਸਾਲ ਪੰਜਾਬ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਸੰਗਤਾਂ ਸ਼ਹੀਦਾਂ ਦੀ ਯਾਦ ਵਿੱਚ ਸਿਰ ਨਿਵਾਉਂਦੀਆਂ ਹਨ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਤਿਹਾਸਕ ਦਰਦ ਅਤੇ ਯਾਦਾਂ ਭੂਗੋਲ ਦੀਆਂ ਹੱਦਾਂ ਨਾਲ ਬੱਝੀਆਂ ਨਹੀਂ ਹੁੰਦੀਆਂ। ਬਹੁਤ ਸਾਰੇ ਲੋਕ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟ ਨਹੀਂ ਕਰਦੇ ਪਰ ਉਹ ਆਪਣੀ ਹਾਜ਼ਰੀ, ਆਪਣੀ ਅਰਦਾਸ ਅਤੇ ਆਪਣੀ ਯਾਦ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ।

ਇਸੇ ਸੰਦਰਭ ਵਿੱਚ “ਚੁੱਪ ਦੀ ਵੋਟ” ਦਾ ਵਿਚਾਰ ਮਹੱਤਵਪੂਰਨ ਬਣ ਜਾਂਦਾ ਹੈ। ਹਰ ਕੌਮ ਦੀ ਆਵਾਜ਼ ਹਮੇਸ਼ਾਂ ਨਾਅਰਿਆਂ ਰਾਹੀਂ ਨਹੀਂ ਸੁਣੀ ਜਾਂਦੀ। ਕਈ ਵਾਰ ਚੁੱਪ ਵੀ ਬਹੁਤ ਕੁਝ ਕਹਿ ਜਾਂਦੀ ਹੈ ਜਦੋਂ ਲੋਕ ਦਹਾਕਿਆਂ ਬਾਅਦ ਵੀ ਸ਼ਹੀਦਾਂ ਦੀ ਯਾਦ ਨੂੰ ਆਪਣੇ ਦਿਲਾਂ ਵਿੱਚ ਵਸਾਈ ਰੱਖਦੇ ਹਨ, ਜਦੋਂ ਉਹ ਹਰ ਸਾਲ ਉਨ੍ਹਾਂ ਦੇ ਸਤਿਕਾਰ ਲਈ ਇਕੱਠੇ ਹੁੰਦੇ ਹਨ, ਤਾਂ ਇਹ ਇੱਕ ਅਜਿਹੀ ਚੁੱਪ ਦੀ ਵੋਟ ਹੁੰਦੀ ਹੈ ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। 

ਕਈ ਸਿਆਸੀ ਅਤੇ ਸਿੱਖ ਕਾਰਕੁਨਾਂ ਦਾ ਮੰਨਣਾ ਹੈ ਕਿ ਰਾਜ ਸੰਸਥਾਵਾਂ ਵੀ ਇਸ ਮਨੋਵਿਗਿਆਨਕ ਅਤੇ ਸਿਆਸੀ ਹਕੀਕਤ ਤੋਂ ਭਲੀ-ਭਾਂਤ ਜਾਣੂ ਹਨ। ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਉੱਠੇ ਵਿਵਾਦ ਅਤੇ ਵਿਦੇਸ਼ਾਂ ਵਿੱਚ ਸਰਗਰਮ ਖਾਲਿਸਤਾਨੀ ਆਗੂਆਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਵੀ ਬਹੁਤ ਸਾਰੇ ਲੋਕ ਇਸੇ ਵਿਆਪਕ ਸੰਦਰਭ ਵਿੱਚ ਦੇਖਦੇ ਹਨ। ਉਨ੍ਹਾਂ ਦੇ ਅਨੁਸਾਰ ਇਹ ਇਸ ਗੱਲ ਦਾ ਸੰਕੇਤ ਹੈ ਕਿ ਜੂਨ 84 ਦੀ ਯਾਦ, ਇਨਸਾਫ਼ ਦੀ ਮੰਗ ਅਤੇ ਸਿੱਖ ਸਿਆਸੀ ਚੇਤਨਾ ਅਜੇ ਵੀ ਇੱਕ ਜੀਵੰਤ ਹਕੀਕਤ ਹਨ, ਜਿਨ੍ਹਾਂ ਨੂੰ ਸਿਰਫ਼ ਬੀਤੇ ਹੋਏ ਇਤਿਹਾਸ ਵਜੋਂ ਨਹੀਂ ਵੇਖਿਆ ਜਾ ਸਕਦਾ।

ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਵੱਖ-ਵੱਖ ਲੋਕਤੰਤਰੀ ਅਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ। ਇਹ ਗਤੀਵਿਧੀਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੂਨ 84 ਅਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਨਾਲ ਜੁੜੇ ਸਵਾਲ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਮੌਜੂਦ ਹਨ। ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਵੱਖਰੀ ਗੱਲ ਹੋ ਸਕਦੀ ਹੈ, ਪਰ ਇਹ ਹਕੀਕਤ ਹੈ ਕਿ ਜੂਨ 84 ਦੀ ਯਾਦ ਅੱਜ ਵੀ ਵਿਸ਼ਵ ਭਰ ਦੇ ਸਿੱਖਾਂ ਨੂੰ ਪ੍ਰਭਾਵਿਤ ਕਰਦੀ ਹੈ।

ਭਾਰਤ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਇਹ ਦਾਅਵਾ ਕੀਤਾ ਕਿ ਜੂਨ 84 ਇੱਕ ਬੀਤਿਆ ਹੋਇਆ ਅਧਿਆਇ ਹੈ, ਪਰ ਹਰ ਸਾਲ ਦਰਬਾਰ ਸਾਹਿਬ ਵਿਖੇ ਉਮੜਦਾ ਜਨ-ਸੈਲਾਬ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਤਿਹਾਸ ਨੂੰ ਸਿਰਫ਼ ਸਰਕਾਰੀ ਬਿਆਨਾਂ ਨਾਲ ਨਹੀਂ ਬਦਲਿਆ ਜਾ ਸਕਦਾ। ਯਾਦਾਂ, ਭਾਵਨਾਵਾਂ ਅਤੇ ਕੁਰਬਾਨੀਆਂ ਲੋਕਾਂ ਦੇ ਦਿਲਾਂ ਵਿੱਚ ਜਿਉਂਦੀਆਂ ਰਹਿੰਦੀਆਂ ਹਨ।

ਅੱਜ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਸਿੱਖ ਕੌਮ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲ ਰਹੀ ਹੈ। ਉਹ ਉਨ੍ਹਾਂ ਨੂੰ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ ਮੰਨਦੀ, ਸਗੋਂ ਆਪਣੀ ਸਾਂਝੀ ਯਾਦ, ਆਪਣੀ ਪਹਿਚਾਣ ਅਤੇ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਦੀ ਹੈ। ਇਹੀ ਕਾਰਨ ਹੈ ਕਿ ਜੂਨ 84 ਦੀ ਯਾਦ ਅੱਜ ਵੀ ਜ਼ਿੰਦਾ ਹੈ, ਸ਼ਹੀਦਾਂ ਦਾ ਸਤਿਕਾਰ ਅੱਜ ਵੀ ਜਾਰੀ ਹੈ ਅਤੇ ਕੌਮ ਦਾ ਸਫ਼ਰ ਅੱਜ ਵੀ ਅਣਝੁਕਿਆ ਹੈ।

ਚੁੱਪ ਦੀ ਵੋਟ ਕਈ ਵਾਰ ਬੋਲੀਆਂ ਗੱਲਾਂ ਨਾਲੋਂ ਵੱਧ ਤਾਕਤਵਰ ਹੁੰਦੀ ਹੈ। ਜੂਨ 84 ਦੀ ਯਾਦ ਵਿੱਚ ਹਰ ਸਾਲ ਨਤਮਸਤਕ ਹੁੰਦੀ ਸੰਗਤ ਇਸ ਗੱਲ ਦਾ ਸਬੂਤ ਹੈ ਕਿ ਕੌਮਾਂ ਨੂੰ ਦਬਾਇਆ ਜਾ ਸਕਦਾ ਹੈ, ਪਰ ਉਨ੍ਹਾਂ ਦੀ ਯਾਦ, ਉਨ੍ਹਾਂ ਦੀ ਸ਼ਰਧਾ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ।

ਇਤਿਹਾਸ ਗਵਾਹ ਹੈ ਕਿ ਕੌਮਾਂ ਦੀ ਚੁੱਪ ਨੂੰ ਕਮਜ਼ੋਰੀ ਸਮਝਣ ਵਾਲੇ ਅਕਸਰ ਉਸ ਦਿਨ ਹੈਰਾਨ ਰਹਿ ਜਾਂਦੇ ਹਨ, ਜਦੋਂ ਉਹੀ ਚੁੱਪ ਇੱਕ ਸਾਂਝੀ ਚੇਤਨਾ ਅਤੇ ਰਾਜਨੀਤਿਕ ਹਕੀਕਤ ਬਣ ਕੇ ਉਭਰਦੀ ਹੈ। ਫਿਰ ਉਹ ਕੌਮ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੀ ਹੋਈ ਆਪਣੀ ਆਜ਼ਾਦੀ ਦਾ ਝੰਡਾ ਲਹਿਰਾਉਂਦੀ ਹੈ ਅਤੇ ਸਿਰ ਉੱਚਾ ਕਰਕੇ ਆਜ਼ਾਦ ਫ਼ਿਜ਼ਾਵਾਂ ਵਿੱਚ ਸਾਹ ਲੈਂਦੀ ਹੈ।


author

Rakesh

Content Editor

Related News