ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਸਕਦੈ ਵਿਟਾਮਿਨ ਡੀ
Wednesday, Jun 05, 2019 - 05:23 PM (IST)
ਵਾਸ਼ਿੰਗਟਨ— ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੈਂਸਰ ਦੇ ਮਰੀਜ਼ ਜੇਕਰ ਘੱਟ ਤੋਂ ਘੱਟ ਤਿੰਨ ਸਾਲ ਵਿਟਾਮਿਨ ਡੀ ਦਾ ਸੇਵਨ ਕਰਨ ਤਾਂ ਉਨ੍ਹਾਂ ਦੀ ਉਮਰ 'ਚ ਕੁਝ ਸਾਲਾਂ ਦਾ ਇਜ਼ਾਫਾ ਹੋ ਸਕਦਾ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਨਾਲ ਸਿਰਫ ਹੱਡੀਆਂ ਹੀ ਮਜ਼ਬੂਤ ਨਹੀਂ ਹੁੰਦੀਆਂ ਬਲਕਿ ਕਈ ਹੋਰ ਅਹਿਮ ਫਾਇਦੇ ਵੀ ਹੁੰਦੇ ਹਨ।
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਤਾਰਿਕ ਹੇਯਕਲ ਨੇ ਕਿਹਾ ਕਿ ਕੈਂਸਰ ਨਾਲ ਪੀੜਤ ਲੋਕਾਂ 'ਚ ਮੌਤ ਦਾ ਜੋਖਿਮ ਘੱਟ ਕਰਨ 'ਚ ਵਿਟਾਮਿਨ ਡੀ ਦਾ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ, ਪਰ ਇਸ ਗੱਲ ਦੇ ਅਜੇ ਤੱਕ ਸਬੂਤ ਨਹੀਂ ਦਿਖੇ ਕਿ ਇਸ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਖੋਜਕਾਰਾਂ ਨੇ ਕਈ ਅਧਿਐਨਾਂ 'ਚ 79,000 ਤੋਂ ਜ਼ਿਆਦਾ ਮਰੀਜ਼ਾਂ ਨਾਲ ਜੁੜੇ ਅੰਕੜਿਆਂ ਦਾ ਅਧਿਐਨ ਕੀਤਾ। ਹਾਲਾਂਕਿ ਤਾਰਿਕ ਨੇ ਇਹ ਵੀ ਕਿਹਾ ਕਿ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵਿਟਾਮਿਨ ਡੀ ਕੈਂਸਰ ਦੇ ਮਰੀਜ਼ ਦੀ ਉਮਰ 'ਚ ਕਿੰਨੇ ਸਾਲ ਦਾ ਇਜ਼ਾਫਾ ਕਰਦਾ ਹੈ ਤੇ ਇਸ ਦਾ ਨਤੀਜਾ ਅਜਿਹਾ ਕਿਉਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਕਈ ਸਵਾਲ ਹਨ ਤੇ ਜ਼ਿਆਦਾ ਅਧਿਐਨ ਕਰਨ ਦੀ ਲੋੜ ਹੈ।