ਦਰਦ ਨੂੰ ਖਤਮ ਕਰੇਗਾ ਵਰਚੁਅਲ ਰਿਐਲਿਟੀ, ਜ਼ਿਆਦਾ ਦਰਦ ਤੋਂ ਚੁਟਕੀਆਂ 'ਚ ਮਿਲੇਗਾ ਛੁਟਕਾਰਾ
Tuesday, May 07, 2019 - 01:33 AM (IST)

ਵਾਸ਼ਿੰਗਟਨ – ਕਿਹਾ ਜਾਂਦਾ ਹੈ ਕਿ ਕਿਸੇ ਦਰਦ ਨੂੰ ਭੁੱਲਣਾ ਹੈ ਤਾਂ ਕੋਈ ਖੁਸ਼ੀ ਦਾ ਪਲ ਯਾਦ ਕਰੋ। ਖੁਸ਼ੀ ਨੂੰ ਯਾਦ ਕਰਨ ਨਾਲ ਦਰਦ ਦਾ ਅਹਿਸਾਸ ਖੁਦ ਚਲਾ ਜਾਂਦਾ ਹੈ। ਮੈਡੀਕਲ ਦੀ ਦੁਨੀਆ 'ਚ ਵੀ ਇਸ ਗੱਲ ਨੂੰ ਆਧਾਰ ਬਣਾਇਆ ਜਾਣ ਲੱਗਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਰਚੁਅਲ ਰਿਐਲਟੀ (ਵੀ. ਆਰ.) ਯਾਨੀ ਵਰਚੁਅਲ ਦੁਨੀਆ ਦਾ ਇਸਤੇਮਾਲ ਇਕ ਮਦਦਗਾਰ ਪੇਨਕਿਲਰ ਵਾਂਗ ਕੀਤਾ ਜਾ ਸਕਦਾ ਹੈ। ਵਰਚੁਅਲ ਰਿਐਲਟੀ 'ਚ 3ਡੀ ਟੈਕਨਾਲੋਜੀ ਦੀ ਮਦਦ ਨਾਲ ਵਿਅਕਤੀ ਨੂੰ ਕਿਸੇ ਹੋਰ ਦੁਨੀਆ 'ਚ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਕਿਸੇ ਬੰਦ ਕਮਰੇ 'ਚ ਵੀ ਉਸ ਨੂੰ ਪਹਾੜਾਂ 'ਤੇ ਘੁੰਮਣ ਜਾਂ ਕਿਸੇ ਸਮੁੰਦਰ 'ਚ ਗੋਤੇ ਲਾਉਣ ਦਾ ਅਹਿਸਾਸ ਹੁੰਦਾ ਹੈ। ਇਸ ਵਰਚੁਅਲ ਦੁਨੀਆ ਦਾ ਅਹਿਸਾਸ ਉਸ ਨੂੰ ਬਾਕੀ ਕੁਝ ਵੀ ਮਹਿਸੂਸ ਨਹੀਂ ਕਰਨ ਦਿੰਦਾ। ਕਿਸੇ ਇਨਸਾਨ ਨੂੰ ਦਰਦ ਇਸ ਲਈ ਮਹਿਸੂਸ ਹੁੰਦਾ ਹੈ ਕਿ ਸੱਟ ਵਾਲੀ ਥਾਂ ਤੋਂ ਦਰਦ ਦੇ ਸਿਗਨਲ ਉਸ ਦੇ ਦਿਮਾਗ ਤੱਕ ਪਹੁੰਚਦੇ ਹਨ। ਜੇ ਦਿਮਾਗ ਕਿਸੇ ਹੋਰ ਅਹਿਸਾਸ 'ਚ ਗੁਆਚ ਜਾਵੇ ਤਾਂ ਉਹ ਉਸ ਦਰਦ ਦੇ ਸੰਦੇਸ਼ 'ਤੇ ਧਿਆਨ ਨਹੀਂ ਦਿੰਦਾ ਹੈ। ਛੋਟੇ ਬੱਚਿਆਂ ਨੂੰ ਇੰਜੈਕਸ਼ਨ ਲਾਉਂਦੇ ਸਮੇਂ ਇਸੇ ਸਿਧਾਂਤ ਨੂੰ ਧਿਆਨ 'ਚ ਰੱਖਦੇ ਹੋਏ ਮਾਹਿਰ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।ਅਕਸਰ ਬੱਚਿਆਂ ਨੂੰ ਉਨ੍ਹਾਂ ਦਾ ਮਨਪਸੰਦ ਖਿਡੌਣਾ ਦੇ ਕੇ ਵਰਗਲਾਇਆ ਜਾਂਦਾ ਹੈ। ਖਿਡੌਣੇ ਨਾਲ ਖੇਡਣ ਦੀ ਖੁਸ਼ੀ 'ਚ ਬੱਚੇ ਨੂੰ ਪਤਾ ਹੀ ਨਹੀਂ ਲਗਦਾ ਕਿ ਕਦੋਂ ਉਸ ਨੂੰ ਇੰਜੈਕਸ਼ਨ ਲਾ ਦਿੱਤਾ ਗਿਆ। ਮਾਹਿਰਾਂ ਦੀ ਦੁਨੀਆ 'ਚ ਇਸ ਨੂੰ ਡਿਸਟ੍ਰੈਕਸ਼ਨ ਯਾਨੀ ਧਿਆਨ ਭਟਕਾਉਣ ਦੀ ਤਕਨੀਕ ਕਿਹਾ ਜਾਂਦਾ ਹੈ। ਦਰਦ ਦੀ ਸਸਤੀ ਦਵਾਈ ਹੈ ਵੀ. ਆਰ. ਮੌਜੂਦਾ ਸਮੇਂ 'ਚ ਵਰਚੁਅਲ ਰਿਐਲਟੀ ਦੀ ਤਕਨੀਕ ਮਦਦਗਾਰ, ਨੁਕਸਾਨ ਰਹਿਤ ਅਤੇ ਸਸਤੀ ਪੇਨਕਿਲਰ ਬਣ ਕੇ ਸਾਹਮਣੇ ਆਈ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਹੰਟਰ ਹਾਫਮੈਨ ਨੇ ਕਿਹਾ ਕਿ ਵੀ. ਆਰ. ਬੇਹੱਦ ਸ਼ਾਨਦਾਰ ਤਕਨੀਕ ਹੈ। ਇਕ ਕਮਰੇ 'ਚ 10 ਤੋਂ 20 ਮਿੰਟ ਦਾ ਸਮਾਂ ਸਭ ਕੁਝ ਬਦਲ ਦਿੰਦਾ ਹੈ। 3 ਡੀ ਡਿਵਾਈਸ ਦੀ ਮਦਦ ਨਾਲ ਇਕ ਨਵੀਂ ਦੁਨੀਆ ਦਾ ਅਹਿਸਾਸ ਹੁੰਦਾ ਹੈ। ਇਹ ਤਕਨੀਕ ਸਾਡੇ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਕਰ ਦਿੰਦੀ ਹੈ। ਸਾਡਾ ਦਿਮਾਗ ਇਨ੍ਹਾਂ ਸਾਰੀਆਂ ਭਾਵਨਾਵਾਂ ਨੂੰ ਸੰਭਾਲਣ 'ਚ ਇੰਨਾ ਰੁਝਿਆ ਹੁੰਦਾ ਹੈ ਕਿ ਉਸ ਨੂੰ ਦਰਦ ਦੇ ਸਿਗਨਲ ਵੱਲ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲਦਾ। ਅਜਿਹਾ ਵੀ ਕਹਿ ਸਕਦੇ ਹਾਂ ਕਿ ਜਦੋਂ ਦਰਦ ਦਾ ਸਿਗਨਲ ਦਿਮਾਗ ਦੇ ਦਰਵਾਜ਼ੇ 'ਤੇ ਦਸਤਕ ਦਿੰਦਾ ਹੈ ਤਾਂ ਉਥੇ ਉਸ ਨੂੰ ਕੋਈ ਜਵਾਬ ਹੀ ਨਹੀਂ ਮਿਲਦਾ। ਜੇ ਵਰਚੁਅਲ ਰਿਐਲਟੀ ਲੋਕਾਂ ਨੂੰ ਦਰਦ ਤੋਂ ਰਾਹਤ ਦੇ ਸਕਦੀ ਹੈ ਤਾਂ ਇਸ ਤੋਂ ਬਿਹਤਰ ਹੋਰ ਕੀ ਹੋਵੇਗਾ। ਲੋਕਾਂ ਨੂੰ ਸਮਝਾਉਣਾ ਹੋਵੇਗਾ ਕਿ ਵਰਚੁਅਲ ਰਿਐਲਟੀ 'ਚ ਸਭ ਕੁਝ ਗਲਤ ਹੀ ਨਹੀਂ ਹੈ, ਜਿਵੇਂ ਕਿ ਅਕਸਰ ਕੁਝ ਲੋਕ ਕਹਿ ਦਿੰਦੇ ਹਨ।