ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਮਹਿਤਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ, ਹੈਰਾਨ ਕਰੇਗਾ ਮਾਮਲਾ
Friday, May 16, 2025 - 11:00 AM (IST)

ਜਲੰਧਰ/ਫਰੀਦਕੋਟ (ਵਿਸ਼ੇਸ਼)–ਜ਼ਿਲ੍ਹਾ ਫਰੀਦਕੋਟ ਦੀ ਜੈਤੋਂ ਸਬ-ਡਿਵੀਜ਼ਨਲ ਕੋਰਟ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਨਾਂ ’ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। 9 ਸਾਲ ਪੁਰਾਣੇ ਇਕ ਕਤਲ ਕੇਸ ਵਿਚ ਅਦਾਲਤ ਵੱਲੋਂ ਇਹ ਦੂਜੀ ਵਾਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਹੁਕਮ ਦਿੱਤਾ ਗਿਆ ਹੈ ਕਿ ਉਹ 27 ਮਈ ਨੂੰ ਅਦਾਲਤ ਵਿਚ ਹਾਜ਼ਰ ਹੋਣ। 3 ਮਈ ਨੂੰ ਅਦਾਲਤ ਵਿਚ ਸੁਣਵਾਈ ਦੌਰਾਨ ਕਿਹਾ ਗਿਆ ਸੀ ਕਿ ਮਹਿਤਾ ਜਾਣ-ਬੁੱਝ ਕੇ ਅਦਾਲਤ ਵਿਚ ਪੇਸ਼ ਨਹੀਂ ਹੋ ਰਹੇ ਤਾਂ ਜੋ ਮੁਕੱਦਮਾ ਜਾਂ ਕੋਰਟ ਦੀ ਕਾਰਵਾਈ ਚੱਲਣ ’ਚ ਦੇਰੀ ਹੋ ਸਕੇ। 2016 ’ਚ ਅਜਮੇਰ ਸਿੰਘ ਨਾਂ ਦੇ ਵਿਅਕਤੀ ਦੇ ਕਤਲ ਮਾਮਲੇ ’ਚ ਮਹਿਤਾ ਸਮੇਤ 4 ਪੁਲਸ ਮੁਲਾਜ਼ਮ ਵੀ ਮੁਲਜ਼ਮ ਹਨ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ, ਛਿੜੀਆਂ ਨਵੀਆਂ ਚਰਚਾਵਾਂ
ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਉਹ ਅਤੇ ਉਨ੍ਹਾਂ ਦਾ ਭਰਾ ਅਜਮੇਰ ਕਬੱਡੀ ਖਿਡਾਰੀ ਸਨ ਅਤੇ ਮਹਿਤਾ ਤੇ ਉਨ੍ਹਾਂ ਨਾਲ ਸ਼ਰਾਬ ਦਾ ਕਾਰੋਬਾਰ ਕਰ ਰਹੇ ਧਰਮਪਾਲ ਸਿੰਘ ਗੋਇਲ ਕੋਲ ਨੌਕਰੀ ਕਰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਭਰਾ ਅਜਮੇਰ ਦਾ ਮਹਿਤਾ, ਧਰਮਪਾਲ ਅਤੇ ਪੁਲਸ ਮੁਲਾਜ਼ਮਾਂ ਨੇ ਪਿੱਛਾ ਕੀਤਾ ਅਤੇ 25 ਮਈ 2016 ਨੂੰ ਗੋਲ਼ੀ ਮਾਰ ਕੇ ਉਨ੍ਹਾਂ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪੁਲਸ ਮੁਲਾਜ਼ਮਾਂ ’ਚ ਸਾਬਕਾ ਸਬ-ਇੰਸਪੈਕਟਰ ਲਕਸ਼ਮਣ ਸਿੰਘ, ਸਾਬਕਾ ਕਾਂਸਟੇਬਲ ਪਰਮਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਕਾਬਲ ਸਿੰਘ ਸ਼ਾਮਲ ਸਨ।
ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ’ਚ ਜਦੋਂ ਐੱਫ਼. ਆਈ. ਆਰ. ਦਰਜ ਕੀਤੀ ਗਈ ਤਾਂ ਜੈਤੋਂ ਦੇ ਸਾਬਕਾ ਐੱਸ. ਐੱਚ. ਓ. ਲਕਸ਼ਮਣ ਸਿੰਘ ਵੱਲੋਂ ਅਜਮੇਰ ਸਿੰਘ ਨੂੰ ਗੈਂਗਸਟਰ ਦੱਸਿਆ ਗਿਆ ਅਤੇ ਬੰਬੀਹਾ ਗਰੁੱਪ ਦਾ ਮੈਂਬਰ ਦੱਸਦੇ ਹੋਏ ਐੱਫ਼. ਆਈ. ਆਰ. ਵਿਚ ਇਹ ਗੱਲ ਲਿਖੀ ਗਈ ਕਿ 2 ਹਥਿਆਰਬੰਦ ਵਿਅਕਤੀਆਂ ਨੇ ਪੁਲਸ ਟੀਮ ’ਤੇ ਗੋਲ਼ੀਆਂ ਚਲਾਈਆਂ ਪਰ ਆਤਮ ਰੱਖਿਆ ’ਚ ਅਜਮੇਰ ਸਿੰਘ ਮਾਰਿਆ ਗਿਆ। ਅਦਾਲਤ ਨੇ 20 ਫਰਵਰੀ ਨੂੰ ਮੁਲਜ਼ਮਾਂ ਨੂੰ ਸੰਮਨ ਜਾਰੀ ਕਰਨ ਵੇਲੇ ਸੰਕੇਤ ਦਿੱਤੇ ਸਨ ਕਿ ਪੁਲਸ ਦੀ ਥਿਊਰੀ ਵਿਚ ਕਈ ਖਾਮੀਆਂ ਹਨ। ਇਸ ਮਾਮਲੇ ’ਚ ਜੁਡੀਸ਼ੀਅਲ ਜਾਂਚ ਕੀਤੀ ਗਈ ਅਤੇ 7 ਜੂਨ 2021 ਨੂੰ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ:ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਲਈ ਕੀਤੀ ਵਿਸ਼ੇਸ਼ ਮੰਗ
ਇਸ ਸਬੰਧੀ ਬਣਾਈ ਗਈ ਐੱਸ. ਆਈ. ਟੀ. ਵੱਲੋਂ ਰਿਪੋਰਟ ਦਿੱਤੀ ਗਈ ਕਿ ਪੁਲਸ ਨੇ ਆਤਮ ਰੱਖਿਆ ’ਚ ਕਾਰਵਾਈ ਕੀਤੀ ਪਰ ਅਜਮੇਰ ਦੀ ਮਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਸ ਦੀ ਇਸ ਰਿਪੋਰਟ ਨੂੰ ਸਾਬਕਾ ਮੈਜਿਸਟ੍ਰੇਟ ਨੇ ਖਾਰਜ ਕਰ ਦਿੱਤਾ। 30 ਜੁਲਾਈ 2024 ਨੂੰ ਇਸ ਰਿਪੋਰਟ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਮੈਜਿਸਟ੍ਰੇਟ ਸ਼ਮਿੰਦਰ ਪਾਲ ਨੇ ਪੁਲਸ ਦੀ ਭੂਮਿਕਾ ’ਤੇ ਸਵਾਲ ਉਠਾਇਆ ਅਤੇ ਅਜਮੇਰ ਦੇ ਕਿਸੇ ਗੈਂਗ ਨਾਲ ਜੁੜੇ ਹੋਣ ’ਤੇ ਵੀ ਸਵਾਲ ਕੀਤੇ। ਦੋਸ਼ ਹੈ ਕਿ ਪੁਲਸ ਨੇ ਕੇਸ ਵਿਚ ਪਿੱਛੇ ਹਟਣ ਲਈ ਉਨ੍ਹਾਂ ’ਤੇ ਦਬਾਅ ਬਣਾਇਆ, ਜਿਸ ਦੇ ਲਈ ਐੱਨ. ਡੀ. ਪੀ. ਐੱਸ. ਐਕਟ ਅਤੇ ਆਬਕਾਰੀ ਐਕਟ ਤਹਿਤ ਝੂਠੇ ਦੋਸ਼ ਲਾਏ ਗਏ। ਰਣਜੀਤ ਸਿੰਘ ਦੋਵਾਂ ਮਾਮਲਿਆਂ ਵਿਚ ਬਰੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ, ਛਿੜੀਆਂ ਨਵੀਆਂ ਚਰਚਾਵਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e