ਬੰਗਲਾਦੇਸ਼ 'ਚ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਵਿਚਾਲੇ ਹਿੰਸਕ ਝੜਪਾਂ, 40 ਲੋਕ ਜ਼ਖਮੀ
Tuesday, Apr 19, 2022 - 03:47 PM (IST)
ਢਾਕਾ (ਵਾਰਤਾ): ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਿਊ ਬਾਜ਼ਾਰ ਇਲਾਕੇ 'ਚ ਕਾਰੋਬਾਰੀਆਂ ਅਤੇ ਕਾਲਜ ਵਿਦਿਆਰਥੀਆਂ ਵਿਚਾਲੇ ਹੋਈ ਹਿੰਸਕ ਝੜਪਾਂ 'ਚ ਪੰਜ ਪੱਤਰਕਾਰਾਂ ਸਮੇਤ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ ਹਨ। ਪ੍ਰਾਪਤ ਰਿਪੋਰਟਾਂ ਅਨੁਸਾਰ ਸੋਮਵਾਰ ਅੱਧੀ ਰਾਤ ਨੂੰ ਵਿਦਿਆਰਥੀਆਂ ਅਤੇ ਵਪਾਰੀਆਂ ਵਿਚਾਲੇ ਝੜਪ ਸ਼ੁਰੂ ਹੋਈ ਜੋ ਸਵੇਰ ਤੱਕ ਜਾਰੀ ਰਹੀ। ਦੱਸਿਆ ਜਾਂਦਾ ਹੈ ਕਿ ਖਰੀਦਦਾਰੀ ਲਈ ਆਏ ਵਿਦਿਆਰਥੀਆਂ ਨੇ ਭਾਅ 'ਚ ਛੋਟ ਮੰਗੀ, ਜਿਸ ਨੂੰ ਵਪਾਰੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।ਇਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਸ਼ੁਰੂ ਹੋਈ ਤਕਰਾਰ ਹਿੰਸਕ ਹੋ ਗਈ।
ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਖੜ੍ਹੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਦੀ ਕਵਰੇਜ ਕਰਨ ਲਈ ਮੌਜੂਦ ਪੱਤਰਕਾਰਾਂ ਦੀ ਵੀ ਵਪਾਰੀਆਂ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਹਿੰਸਾ ਦੇ ਇਰਾਦੇ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਚਲਾਈਆਂ ਗਈਆਂ ਰਬੜ ਦੀਆਂ ਗੋਲੀਆਂ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ 'ਚ ਭਿਆਨਕ ਹੜ੍ਹ, ਰਾਸ਼ਟਰਪਤੀ ਰਾਮਾਫੋਸਾ ਨੇ ਰਾਸ਼ਟਰੀ ਆਫ਼ਤ ਕੀਤੀ ਘੋਸ਼ਿਤ (ਤਸਵੀਰਾਂ)
ਘਟਨਾ ਦੇ ਮੱਦੇਨਜ਼ਰ ਢਾਕਾ ਕਾਲਜ ਦੀਆਂ ਸਾਰੀਆਂ ਜਮਾਤਾਂ ਅਤੇ ਪ੍ਰੀਖਿਆਵਾਂ ਮੰਗਲਵਾਰ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਿੱਖਿਆ ਮੰਤਰੀ ਦੀਪੂ ਮੌਨੀ ਨੇ ਕੁਝ ਲੋਕਾਂ 'ਤੇ ਦੇਸ਼ 'ਚ ਭਾਈਚਾਰਕ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੁਝ ਅਨਸਰਾਂ ਨੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਲਈ ਵਿਦਿਅਕ ਅਦਾਰਿਆਂ ਵਿੱਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿੱਦਿਅਕ ਅਦਾਰੇ ਦੇ ਇੰਚਾਰਜ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।