ਐਡੀਲੇਡ 'ਚ ਪਾਰਟੀ ਦੌਰਾਨ ਆਪਸ 'ਚ ਭਿੜੇ 30 ਨੌਜਵਾਨ, ਚੱਲੇ ਘਸੁੰਨ-ਮੁੱਕੇ

04/03/2018 2:58:46 PM

ਐਡੀਲੇਡ— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਇਕ ਘਰ 'ਚ ਚੱਲ ਰਹੀ ਪਾਰਟੀ ਦੌਰਾਨ ਨੌਜਵਾਨ ਆਪਸ 'ਚ ਭਿੜ ਗਏ। ਇਸ ਘਟਨਾ ਦੀ ਵੀਡੀਓ ਫੁਟੇਜ਼ ਸਾਹਮਣੇ ਆਈ ਹੈ। ਘਟਨਾ ਦੱਖਣੀ ਆਸਟ੍ਰੇਲੀਆ ਦੇ ਹਾਕਖਮ ਵੈਸਟ ਦੀ ਹੈ। ਤਕਰੀਬਨ 30 ਨੌਜਵਾਨਾਂ ਵਿਚਾਲੇ ਸੋਮਵਾਰ ਦੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਇਸ ਝਗੜੇ ਨੂੰ ਖਤਮ ਕਰਵਾਇਆ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਨੌਜਵਾਨਾਂ ਵਿਚਾਲੇ ਝਗੜਾ ਇੰਨਾ ਕੁ ਵਧ ਗਿਆ ਕਿ ਉਨ੍ਹਾਂ ਨੇ ਇਕ-ਦੂਜੇ ਨੂੰ ਘਸੁੰਨ ਮੁੱਕੇ ਮਾਰੇ। ਨੌਜਵਾਨਾਂ ਦਾ ਗਰੁੱਪ ਝਗੜਦਾ ਹੋਇਆ ਘਰ ਦੇ ਵਿਹੜੇ 'ਚ ਆ ਗਿਆ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਨੌਜਵਾਨਾਂ ਵਿਚਾਲੇ ਝਗੜਾ ਤਕਰੀਬਨ 20 ਮਿੰਟ ਤੱਕ ਚੱਲਦਾ ਰਿਹਾ ਅਤੇ ਜਦੋਂ ਪੁਲਸ ਪਹੁੰਚੀ ਤਾਂ ਉਨ੍ਹਾਂ ਇਸ ਝਗੜੇ ਨੂੰ ਖਤਮ ਕਰਵਾਇਆ। 
ਇਸ ਝਗੜੇ ਵਿਚ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 3 ਗੰਭੀਰ ਜ਼ਖਮੀ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਲੜਾਈ 'ਚ ਇਕ 14 ਸਾਲਾ ਲੜਕਾ ਜ਼ਖਮੀ ਹੋਇਆ ਹੈ, ਜਿਸ ਦਾ ਚਿਹਰਾ ਝਗੜੇ ਦੌਰਾਨ ਖੰਭੇ ਨਾਲ ਟਕਰਾ ਗਿਆ। ਇਸ ਲੜਾਈ ਵਿਚ ਬਾਕੀ ਦੇ ਨੌਜਵਾਨ ਵੀ ਲਹੂ-ਲੁਹਾਨ ਹੋਏ ਹਨ। ਚਸ਼ਮਦੀਦ ਨੇ ਕਿਹਾ ਕਿ ਝਗੜੇ ਵਿਚ ਇਕ ਜੋੜਾ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕ੍ਰਿਸਟੀਜ਼ ਡਾਊਨਜ਼ ਦਾ ਰਹਿਣ ਵਾਲਾ ਹੈ। ਪੁਲਸ ਨੇ ਉਕਤ ਨੌਜਵਾਨ 'ਤੇ ਲੜਾਈ 'ਚ ਹਥਿਆਰ ਲੈ ਕੇ ਆਉਣ ਦਾ ਦੋਸ਼ ਲਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News