ਪਾਕਿਸਤਾਨ ’ਚ ਆਮ ਚੋਣਾਂ ਤੋਂ ਪਹਿਲਾਂ ਕਰਾਚੀ ’ਚ ਹਿੰਸਾ ਵਧੀ, ਗੋਲੀਬਾਰੀ ’ਚ 1 ਦੀ ਮੌਤ

01/30/2024 12:13:41 PM

ਕਰਾਚੀ- ਪਾਕਿਸਤਾਨ ’ਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ’ਚ ਤਨਾਅ ਵਧ ਰਿਹਾ ਹੈ। ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਚੋਣ ’ਚ ਇਕ-ਦੂਸਰੇ ਨੂੰ ਠਿੱਬੀ ਲਾਉਣ ’ਚ ਲੱਗੀਆਂ ਪਾਰਟੀਆਂ ਵਿਚਾਲੇ ਪਹਿਲਾਂ ਹੀ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ।
ਸੋਮਵਾਰ ਨੂੰ ਨਾਜ਼ੀਮਨਾਡ ’ਚ ਹਿੰਸਕ ਝੜਪਾਂ ਹੋਈਆਂ। ਇਸ ਦੌਰਾਨ ਪਾਕਿਸਤਾਨ ਪੀਪਲਸ ਪਾਰਟੀ (ਪੀ. ਪੀ. ਪੀ.) ਦੇ ਵਰਕਰਾਂ ਨਾਲ ਹੋਈ ਗੋਲੀਬਾਰੀ ’ਚ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ. ਪਾਕਿਸਤਾਨ) ਦੇ ਇਕ ਵਰਕਰ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਇਕ ਦਿਨ ਪਹਿਲਾਂ ਐਤਵਾਰ ਨੂੰ ਕਲਿਫਟਨ ਇਲਾਕੇ ’ਚ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੀ ਇਕ ਚੋਣ ਰੈਲੀ ਦੌਰਾਨ ਪੁਲਸ ਨੇ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਵਰਕਰਾਂ ਨੂੰ ਜ਼ਬਰਨ ਤਿੱਤਰ-ਬਿੱਤਰ ਕਰ ਦਿੱਤਾ। ਇਸ ਦੌਰਾਨ ਕੁਝ ਪੁਲਸ ਕਰਮੀਆਂ ਸਮੇਤ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ। ਦੱਖਣੀ ਸੂਬਾ ਸਿੰਧ, ਵਿਸ਼ੇਸ਼ ਤੌਰ ’ਤੇ ਪਾਕਿਸਤਾਨ ਦੇ ਆਰਥਿਕ ਕੇਂਦਰ ਕਰਾਚੀ ’ਚ ਸਿਆਸੀ ਮਾਹੌਲ ਗਰਮ ਹੈ ਅਤੇ ਸਾਰੇ ਦਲ ਇਕ-ਦੂਜੇ ਨਾਲ ਜਮ ਕੇ ਮੁਕਾਬਲੇਬਾਜ਼ੀ ਕਰ ਰਹੇ ਹਨ। ਕਰਾਚੀ ਪਾਕਿਸਤਾਨ ਪੀਪਲਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ।
ਸਿਆਸੀ ਮਾਹਿਰਾਂ ਅਨੁਸਾਰ ਸਿੰਧ ਅਤੇ ਕਰਾਚੀ ਵਿਚ ਪੀ. ਪੀ. ਪੀ. ਦੇ ਸਥਾਈ ਪ੍ਰਭਾਵ ਦੇ ਬਾਵਜੂਦ ਮੌਜੂਦਾ ਸਿਆਸੀ ਹਾਲਾਤ ਬਦਲਣ ਦੀ ਸੰਭਾਵਨਾ ਹੈ। ਪੀ. ਪੀ. ਪੀ., ਐੱਮ, ਕਿਊ. ਐੱਮ.-ਪੀ., ਪੀ. ਟੀ. ਆਈ., ਜਮਾਤ-ਏ-ਇਸਲਾਮੀ ਅਤੇ ਕੁਝ ਆਜ਼ਾਦ ਉਮੀਦਵਾਰ ਕਰਾਚੀ ’ਚ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਾਲੀ ਪਾਕਿਸਤਾਨ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦਾ ਸ਼ਹਿਰ ’ਚ ਸੀਮਤ ਪ੍ਰਭਾਵ ਹੈ ਅਤੇ ਉਹ ਹੋਰ ਸੂਬਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਚੋਣ ’ਚ ਪੀ. ਐੱਮ. ਐੱਲ.-ਐੱਨ. ਦੀ ਜਿੱਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News