ਵਿਰਾਟ ਕੋਹਲੀ ਦੇ ਸਮਾਗਮ ਵਿਚ ਪਹੁੰਚਿਆ ਵਿਜੇ ਮਾਲਿਆ, ਇਸ ਤੋਂ ਬਾਅਦ ਖਿਡਾਰੀਆਂ ਨੇ ਜੋ ਕੀਤਾ ਜਾਣ ਕੇ ਰਹਿ ਜਾਓਗੇ ਹੈਰਾਨ

06/06/2017 1:52:07 PM

ਬਰਮਿੰਘਮ— ਇੰਗਲੈਂਡ ਦੇ ਬਰਮਿੰਘਮ ਵਿਖੇ ਚੈਂਪੀਅਨਜ਼ ਟਰਾਫੀ ਦੇ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਿਚ ਦਿਖਾਈ ਦੇਣ ਤੋਂ ਬਾਅਦ ਭਾਰਤ ਦੀਆਂ ਬੈਂਕਾਂ ਦਾ 9 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਭਗੋੜਾ ਹੋਇਆ ਵਿਜੇ ਮਾਲਿਆ ਵੱਲੋਂ ਵਿਰਾਟ ਕੋਹਲੀ ਦੇ ਇਕ ਸਮਾਗਮ ਵਿਚ ਹਿੱਸਾ ਲੈਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਵਿਰਾਟ ਕੋਹਲੀ ਨੇ ਮੈਚ ਤੋਂ ਪਹਿਲਾਂ ਇਕ ਚੈਰਿਟੀ ਸਮਾਗਮ ਦਾ ਆਯੋਜਨ ਕੀਤਾ ਸੀ। ਇਸ ਦਾ ਮਕਸਦ ਮਨੁੱਖੀ ਤਸਕਰੀ ਦੇ ਖਿਲਾਫ ਕੰਮ ਕਰਨ ਵਾਲੀ 'ਜਸਟਿਸ ਐਂਡ ਕੇਅਰ ਆਰਗੇਨਾਈਜ਼ੇਸ਼ਨ' ਲਈ ਫੰਡ ਇਕੱਠਾ ਕਰਨਾ ਸੀ। ਇਹ ਸੰਸਥਾ ਭਾਰਤ ਵਿਚ ਮਨੁੱਖੀ ਤਸਕਰੀ ਦੌਰਾਨ ਬਚਾਏ ਗਏ ਲੋਕਾਂ ਦੇ ਰਹਿਣ, ਕੌਂਸਲਿੰਗ, ਮੁੜ ਵਸੇਬੇ, ਮੈਡੀਕਲ ਸਹਾਇਤਾ, ਵੋਕੇਸ਼ਨਲ ਟਰੇਨਿੰਗ ਅਤੇ ਸਕੂਲੀ ਸਿੱਖਿਆ ਮੁਹੱਈਆ ਕਰਵਾਉਂਦੀ ਹੈ। 
ਇਸ ਸਮਾਗਮ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਵਿਕਟ ਕੀਪਰ ਮਹਿੰਦਰ ਸਿੰਘ ਧੋਨੀ, ਯੁਵਰਾਜ ਸਿੰਘ, ਰੋਹਿਤ ਸ਼ਰਮਾ, ਸ਼ਿਖਰ ਧਵਨ ਵੀ ਮੌਜੂਦ ਸਨ। ਕੁਝ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਇਸ ਸਮਾਗਮ ਵਿਚ ਮੌਜੂਦ ਸਨ ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਟਿੱਕ ਗਈਆਂ 'ਵਿਜੇ ਮਾਲਿਆ' 'ਤੇ। ਹਾਲਾਂਕਿ ਖਿਡਾਰੀਆਂ ਨੇ ਇਸ ਦੌਰਾਨ ਉਸ ਤੋਂ ਕਾਫੀ ਦੂਰੀ ਬਣਾ ਕੇ ਰੱਖੀ। ਕੋਈ ਵੀ ਖਿਡਾਰੀ ਉਸ ਦੇ ਜ਼ਿਆਦਾ ਕੋਲ ਨਹੀਂ ਗਿਆ। ਖ਼ਬਰਾਂ ਦੀ ਮੰਨੀਏ ਤਾਂ ਮਾਲਿਆ ਦੇ ਕੋਲ ਚੈਂਪੀਅਨਜ਼ ਟਰਾਫੀ ਦਾ ਪਾਸ ਹੈ, ਜਿਸ ਰਾਹੀਂ ਉਹ ਸਟੇਡੀਅਮ ਅਤੇ ਪਿੱਚ ਤੱਕ ਜਾ ਸਕਦਾ ਹੈ ਪਰ ਵਿਰਾਟ ਕੋਹਲੀ ਦੇ ਸਮਾਗਮ ਤੱਕ ਉਹ ਕਿਵੇਂ ਪਹੁੰਚਿਆ, ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।


Kulvinder Mahi

News Editor

Related News