ਵਿਕਟੋਰੀਆ ਦੇ ਸੂਬਾ ਪੱਧਰੀ ਕ੍ਰਿਕਟ ਮੁਕਾਬਲਿਆਂ 'ਚ ਮੱਲਾਂ ਮਾਰ ਰਹੀ ਪੰਜਾਬ ਦੀ ਧੀ ਹਸਰਤ ਗਿੱਲ
Monday, Apr 26, 2021 - 04:32 PM (IST)
ਮੈਲਬੋਰਨ(ਮਨਦੀਪ ਸਿੰਘ ਸੈਣੀ)- ਵਿਦੇਸ਼ਾਂ ਵਿਚ ਪਲ ਰਹੇ ਬੱਚੇ ਪੜ੍ਹਾਈ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਵੀ ਮੱਲਾਂ ਮਾਰ ਰਹੇ ਹਨ। ਪਹਿਲੇ ਸਮਿਆਂ ਵਿਚ ਕੁੜੀਆਂ ਖੇਡਾਂ ਦੇ ਖੇਤਰ ਵਿਚ ਆਉਣ ਤੋਂ ਝਿਜਕਦੀਆਂ ਸਨ ਪਰ ਅਜੌਕੇ ਸਮੇਂ ਵਿਚ ਕੁੜੀਆਂ ਇਸ ਖੇਤਰ ਵਿਚ ਵੱਖਰੀ ਪਛਾਣ ਬਣਾ ਕੇ ਭਾਈਚਾਰੇ ਦਾ ਨਾਮ ਉੱਚਾ ਕਰ ਰਹੀਆਂ ਹਨ। ਅਜਿਹਾ ਹੀ ਇਕ ਨਾਮਣਾ ਮੈਲਬੋਰਨ ਵਿਚ ਰਹਿ ਰਹੀ ਪੰਜਾਬਣ ਧੀ ਹਸਰਤ ਗਿੱਲ ਨੇ ਖੱਟਿਆ ਹੈ ਜੋ ਕਿ ਛੋਟੀ ਉਮਰੇ ਕ੍ਰਿਕਟ ਵਿਚ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ
ਪਿਤਾ ਗੁਰਪ੍ਰੀਤ ਸਿੰਘ ਗਿੱਲ ਅਤੇ ਮਾਤਾ ਜਗਰੂਪ ਕੌਰ ਦੀ ਹੋਣਹਾਰ ਧੀ ਹਸਰਤ ਗਿੱਲ ਪਹਿਲੀ ਪੰਜਾਬਣ ਕੁੜੀ ਹੈ ਜਿਸ ਨੂੰ 2019-2020 ਸਾਲ ਦੌਰਾਨ 15 ਸਾਲ ਉਮਰ ਵਰਗ ਵਿਚ ਵਿਕਟੋਰੀਆ ਕੰਟਰੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋਇਆ ਹੈ। ਇਹ ਸਫ਼ਰ 2020-21 ਵਿਚ ਵੀ ਜਾਰੀ ਹੈ, ਜਿਸ ਦੌਰਾਨ ਹਸਰਤ 16 ਸਾਲ ਉਮਰ ਵਰਗ ਵਿਚ ਬਤੌਰ ਕਪਤਾਨ ਇਕ ਅਹਿਮ ਜ਼ਿੰਮੇਵਾਰੀ ਨਿਭਾ ਰਹੀ ਹੈ। ਇਸ ਸੀਜ਼ਨ ਦੌਰਾਨ ਹਸਰਤ ਨੇ ਬੱਲੇਬਾਜੀ ਵਿਚ 5 ਅਰਧ ਸੈਂਕੜੇ ਅਤੇ ਗੇਂਦਬਾਜ਼ੀ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਸਰਬੋਤਮ ਖਿਡਾਰੀ ਹੋਣ ਦਾ ਖਿਤਾਬ ਹਾਸਲ ਕੀਤਾ। ਬੀਤੇ ਦਿਨੀਂ ਵਿਕਟੋਰੀਆ ਸੂਬੇ ਦੇ ਐਲਬਰੀ ਸ਼ਹਿਰ ਵਿਚ ਹੋਏ ਸੂਬਾ ਪੱਧਰੀ ਅੰਡਰ 19 ਕ੍ਰਿਕਟ ਮੁਕਾਬਲਿਆਂ ਵਿਚ ਵੀ ਹਸਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ
ਪੰਜਾਬ ਦੇ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਨਾਲ ਸਬੰਧਿਤ ਇਹ ਹੋਣਹਾਰ ਧੀ ਭਵਿੱਖ ਵਿਚ ਆਸਟ੍ਰੇਲੀਆ ਦੀ ਕੌਮੀ ਮਹਿਲਾ ਕ੍ਰਿਕਟ ਵਿਚ ਸ਼ਾਮਲ ਹੋਣ ਦਾ ਸੁਫ਼ਨਾ ਦੇਖ ਰਹੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।