ਅੱਤਵਾਦੀਆਂ ਨੂੰ ਫਿਰੌਤੀ ਦੀ ਰਕਮ ਨਾ ਦੇਣ ਦੀ ਨੀਤੀ ''ਤੇ ਜੀ-7 ਦੇਸ਼ਾਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕਰੇਗਾ ਕੈਨੇਡਾ

05/26/2016 12:15:32 PM

ਟੋਕੀਓ— ਅੱਤਵਾਦੀਆਂ ਨੂੰ ਫਿਰੌਤੀ ਦੀ ਰਕਮ ਦੇਣ ਦੀ ਨੀਤੀ ''ਤੇ ਕੈਨੇਡਾ ਵਲੋਂ ਜੀ-7 (ਗਰੁੱਪ ਆਫ ਸੈਵਨ ਸਮਿੱਟ) ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸਹਿਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਬਾਰੇ ਟਰੂਡੋ ਦੇ ਨਿੱਜੀ ਨੁਮਾਇੰਦੇ ਪੀਟਰ ਬੋਇਮ ਨੇ ਕਿਹਾ ਕਿ ਅੱਤਵਾਦੀਆਂ ਵਲੋਂ ਨਾਗਰਿਕਾਂ ਨੂੰ ਅਗਵਾ ਕਰਕੇ ਫਿਰੌਤੀ ਦੀ ਰਕਮ ਦੀ ਮੰਗ ''ਤੇ ਜੀ7 ਦੇਸ਼ਾਂ ਨੂੰ ਸਹਿਮਤ ਕਰਨ ਦੀ ਕੈਨੇਡਾ ਵਲੋਂ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਇਹ ਰਕਮ ਦੇ ਕੇ ਸਮੱਸਿਆ ਦਾ ਹੱਲ ਨਹੀਂ ਹੁੰਦਾ, ਸਗੋਂ ਅਜਿਹਾ ਕਰਕੇ ਇੱਕ ਤਾਂ ਉਨ੍ਹਾਂ ਦੀਆਂ ਮੰਗ ਵੱਧਦੀਆਂ ਹਨ, ਦੂਜੇ ਇਸ ਤਰ੍ਹਾਂ ਸਿੱਧੇ-ਅਸਿੱਧੇ ਉਨ੍ਹਾਂ ਦੀ ਮਦਦ ਵੀ ਹੋ ਜਾਂਦੀ ਹੈ। ਪੀਟਰ ਸੰਮੇਲਨ ਦੇ ਆਖ਼ਰੀ ਦਿਨ ਕੈਨੇਡਾ ਵਲੋਂ ਇਸ ਸੰਮੇਲਨ ''ਚ ਭਾਗ ਲੈਣਗੇ ਅਤੇ ਇਸ ਦਿਨ ਉਨ੍ਹਾਂ ਵਲੋਂ ਇਸ ਨੀਤੀ ਨੂੰ ਇਸ ਗਰੁੱਪ ''ਚ ਸ਼ਾਮਲ ਦੇਸ਼ਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਬੀਤੇ ਸਾਲ ਸਤੰਬਰ ''ਚ ਫਿਲੀਪੀਨਜ਼ ਦੇ ਅੱਬੂ ਸੱਯਫ ਨਾਮਕ ਅੱਤਵਾਦੀ ਸੰਗਠਨ ਵਲੋਂ ਕੈਨੇਡਾ ਦੇ ਦੋ ਨਾਗਰਿਕਾਂ ਜਾਨ ਰਿਡਸਡੇਲ ਅਤੇ ਰਾਬਰਟ ਹਾਲ ਨਾਮਕ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਅਤੇ ਇਨ੍ਹਾਂ ਦੀ ਰਿਹਾਈ ਲਈ ਅੱਤਵਾਦੀਆਂ ਵਲੋਂ ਫਿਰੌਤੀ ਦੀ ਰਕਮ ਵੀ ਮੰਗੀ ਗਈ ਸੀ। ਜਦੋਂ ਕੈਨੇਡਾ ਸਰਕਾਰ ਵਲੋਂ ਉਨ੍ਹਾਂ ਦੀ ਮੰਗ ਨੂੰ ਨਾ ਮੰਨਿਆ ਗਿਆ ਤਾਂ ਅੱਤਵਾਦੀਆਂ ਵਲੋਂ ਜਾਨ ਰਿਡਸਡੇਲ ਦਾ ਸਿਰ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।

Related News