ਅਮਰੀਕਾ ਨਾਲ ਯੁੱਧ ਛੇੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਵੈਨੇਜ਼ੁਏਲਾ : ਕਾਬੇਲੋ

07/28/2019 4:29:09 PM

ਕਾਰਾਕਸ (ਬਿਊਰੋ)— ਵੈਨੇਜ਼ੁਏਲਾ ਦੇ ਸੋਸ਼ਲਿਸਟ ਪਾਰਟੀ ਦੇ ਨੇਤਾ ਡਿਓਸਡਾਡੋ ਕਾਬੇਲੋ ਨੇ ਸ਼ਨੀਵਾਰ ਨੂੰ ਵੱਡਾ ਬਿਆਨ ਜਾਰੀ ਕੀਤਾ। ਕਾਬੇਲੋ ਨੇ ਕਿਹਾ ਕਿ ਵੈਨੇਜ਼ੁਏਲਾ ਅਮਰੀਕਾ ਵਿਰੁੱਧ ਯੁੱਧ ਛੇੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਕਾਬੇਲੋ ਨੇ ਸ਼ਨੀਵਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਅਮਰੀਕੀ ਜਲ ਸੈਨਾ ਨੇ ਜੇਕਰ ਵੈਨੇਜ਼ੁਏਲਾ ਵਿਚ ਘੁਸਪੈਠ ਕੀਤੀ ਤਾਂ ਉਹ ਵਾਪਸ ਨਹੀਂ ਜਾਵੇਗੀ।

ਗੌਰਤਲਬ ਹੈ ਕਿ ਵੈਨੇਜ਼ੁਏਲਾ ਦੀ ਹਥਿਆਰਬੰਦ ਫੌਜ ਦਾ ਦੋਸ਼ ਹੈ ਕਿ ਇਸ ਸ਼ਨੀਵਾਰ ਨੂੰ ਦੇਸ਼ ਦੇ ਹਵਾਈ ਖੇਤਰ ਵਿਚ ਤੀਜੀ ਵਾਰ ਅਮਰੀਕੀ ਜਾਸੂਸੀ ਜਹਾਜ਼ ਦੇਖਿਆ ਗਿਆ। ਸਰਕਾਰ ਵੱਲੋਂ ਸੋਸਲਿਸਟ ਨੇਤਾ ਕਾਬੇਲੋ ਨੇ ਇਹ ਬਿਆਨ ਦੇ ਕੇ ਇਤਰਾਜ਼ ਜ਼ਾਹਰ ਕੀਤਾ ਹੈ। ਮਿਲਟਰੀ ਬਲ ਵੱਲੋਂ ਜਾਰੀ ਨੋਟ ਵਿਚ ਲਿਖਿਆ ਗਿਆ ਸੀ,''ਇਕ ਵਾਰ ਫਿਰ ਅਮਰੀਕਾ ਦੇ ਜਾਸੂਸੀ ਜਹਾਜ਼ ਦੇਸ਼ ਦੇ ਉਡਾਣ ਸੂਚਨਾ ਖੇਤਰ (ਐੱਫ.ਆਈ.ਆਰ.) ਵਿਚ ਦਾਖਲ ਹੋ ਰਹੇ ਹਨ, ਜੋ ਹਵਾਬਾਜ਼ੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸੰਧੀਆਂ ਦੀ ਉਲੰਘਣਾ ਕਰ ਰਹੇ ਹਨ।'' ਸਰਕਾਰ ਨੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਸਪੱਸ਼ਟ ਅਪਰਾਧ ਦੱਸਿਆ।

ਕਾਬੇਲੋ ਨੇ ਕਾਰਾਕਸ ਵਿਚ ਆਯੋਜਿਤ ਹੋ ਰਹੇ 25ਵੇਂ ਸਾਓ ਪਾਉਲੋ ਫੋਰਮ ਵਿਚ ਭਾਗ ਲੈਣ ਦੌਰਾਨ ਇਹ ਗੱਲ ਕਹੀ। ਕਾਬੇਲੋ ਨੇ ਕਿਹਾ ਇਹ ਸੰਭਵ ਹੈ ਕਿ ਅਮਰੀਕੀ ਜਲ ਸੈਨਾ ਵੈਨੇਜ਼ੁਏਲਾ ਵਿਚ ਦਾਖਲ ਹੋਵੇ ਪਰ ਉਨ੍ਹਾਂ ਨੂੰ ਇਸ ਦਾ ਵਾਜ਼ਬ ਜਵਾਬ ਦਿੱਤਾ ਜਾਵੇਗਾ। ਗੌਰਤਲਬ ਹੈ ਕਿ ਵੈਨੇਜ਼ੁਏਲਾ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਮਰੀਕਾ ਇੱਥੇ ਰਾਜਨੀਤਕ ਦਖਲ ਅੰਦਾਜ਼ੀ ਕਰ ਰਿਹਾ ਹੈ। ਸੱਤਾਧਾਰੀ ਪਾਰਟੀ ਨੂੰ ਅਮਰੀਕਾ ਹਟਾਉਣਾ ਚਾਹੁੰਦਾ ਹੈ। ਉਹ ਇੱਥੇ ਵਿਰੋਧੀ ਧਿਰ ਨੂੰ ਸਮਰਥਨ ਦੇ ਰਿਹਾ ਹੈ।


Vandana

Content Editor

Related News