ਵੈਨੇਜੁਏਲਾ ਦੇ ਅੰਦਰੂਨੀ ਰਾਸ਼ਟਰਪਤੀ ਨੂੰ ਮਾਨਤਾ ਦੇਵੇ ਇਟਲੀ: ਅਮਰੀਕਾ

Wednesday, Jan 30, 2019 - 10:04 PM (IST)

ਵੈਨੇਜੁਏਲਾ ਦੇ ਅੰਦਰੂਨੀ ਰਾਸ਼ਟਰਪਤੀ ਨੂੰ ਮਾਨਤਾ ਦੇਵੇ ਇਟਲੀ: ਅਮਰੀਕਾ

ਵਾਸ਼ਿੰਗਟਨ— ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਿਊਚਿਨ ਨੇ ਇਟਲੀ ਦੇ ਵਿੱਤ ਮੰਤਰੀ ਗਿਯੋਵੰਨੀ ਟ੍ਰਿਆ ਨਾਲ ਗੱਲਬਾਤ 'ਚ ਅਪੀਲ ਕੀਤੀ ਕਿ ਇਟਲੀ ਵੈਨੇਜੁਏਲਾ ਦੇ ਵਿਰੋਧੀ ਦਲ ਦੇ ਨੇਤਾ ਜੁਆਨ ਗੁਆਇਦੋ ਨੂੰ ਅੰਦਰੂਨੀ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦੇਣ ਦੇ ਅਮਰੀਕਾ ਦੇ ਫੈਸਲਾ ਦਾ ਸਾਥ ਦੇਵੇ।

ਮੰਗਲਵਾਰ ਨੂੰ ਹੋਈ ਬੈਠਕ ਤੋਂ ਬਾਅਦ ਮਿਊਚਿਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਵੈਨੇਜੁਏਲਾ ਦੀ ਤੇਲ ਕੰੰਪਨੀ ਪੀ.ਡੀ.ਵੀ.ਐੱਸ.ਏ. ਦੀਆਂ ਜਾਇਦਾਦਾਂ ਨੂੰ ਬੰਦ ਕਰਕੇ ਅਮਰੀਕਾ ਨੇ ਵੈਨੇਜੁਏਲਾ ਦੇ ਲੋਕਾਂ ਤੇ ਕੰਪਨੀ ਦੇ ਹਿੱਤਾਂ ਦਾ ਖਿਆਲ ਰੱਖਿਆ ਹੈ। ਅਮਰੀਕੇ ਨੇ ਅੰਦਰੂਨੀ ਰਾਸ਼ਟਰਪਤੀ ਨੂੰ ਸੱਤਾ ਟ੍ਰਾਂਸਫਰ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਵੈਨੇਜੁਏਲਾ ਦੀ ਤੇਲ ਕੰਪਨੀ ਦੀ 7 ਅਰਬ ਡਾਲਰ ਦੀ ਜਾਇਦਾਦ 'ਤੇ ਰੋਕ ਲਗਾਈ ਹੈ। ਦੋਵਾਂ ਨੇਤਾਵਾਂ ਵਿਚਾਲੇ ਹੋਈ ਬੈਠਕ 'ਚ ਮਿਊਚਿਨ ਨੇ ਗੁਆਇਦੋ ਨੂੰ ਵੈਨੇਜੁਏਲਾ ਦੇ ਅੰਦਰੂਨੀ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦੇਣ ਦੀ ਪੁਸ਼ਟੀ ਕਰਦੇ ਹੋਏ ਇਟਲੀ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਬੈਠਕ 'ਚ ਦੋਵਾਂ ਦੇਸ਼ਾਂ ਦੇ ਆਰਥਿਕ, ਵਪਾਰ ਤੇ ਈਰਾਨ ਤੇ ਰੂਸ ਨਾਲ ਸਬੰਧਿਤ ਸੁਰੱਖਿਆ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।

ਜ਼ਿਕਰਯੋਗ ਹੈ ਕਿ 23 ਜਨਵਰੀ ਨੂੰ ਵੈਨੇਜੁਏਲਾ ਦੀ ਰਾਸ਼ਟਰੀ ਅਸੈਂਬਲੀ ਦੇ ਵਿਰੋਧੀ ਨੇਤਾ ਗੁਆਇਦੋ ਨੇ ਖੁਦ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਾਲੇ ਦੇਸ਼ ਦਾ ਅੰਦਰੂਨੀ ਮੁਖੀ ਐਲਾਨ ਕਰ ਦਿੱਤਾ ਸੀ। ਵੈਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਗੁਆਇਦੋ ਨੂੰ ਅਮਰੀਕਾ ਦੀ ਕਠਪੁਤਲੀ ਦੱਸਦੇ ਹੋਏ ਅਮਰੀਕਾ 'ਤੇ ਦੇਸ਼ 'ਚ ਤਖਤਾਪਲਟ ਕਰਨ ਦਾ ਦੋਸ਼ ਲਾਇਆ। ਜਦਕਿ ਰੂਸ, ਮੈਕਸੀਕੋ ਤੇ ਊਰਗਵੇ ਨੇ ਮਾਦੁਰੋ ਨੂੰ ਦੇਸ਼ ਦੇ ਇਕਲੌਤੇ ਸਹੀ ਰਾਸ਼ਟਰਪਤੀ ਦੇ ਰੂਪ 'ਚ ਸਮਰਥਨ ਕੀਤਾ ਹੈ ਤੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਸੰਘਰਸ਼ 'ਚ ਵਿਚੌਲਗੀ ਦੇ ਰੂਪ 'ਚ ਕੰਮ ਕਰ ਦੀ ਇੱਛਾ ਵਿਅਕਤ ਕੀਤੀ ਹੈ।


author

Baljit Singh

Content Editor

Related News