ਵੈਨੇਜ਼ੁਏਲਾ ਦੀ ਸਰਵ ਉੱਚ ਅਦਾਲਤ ਨੇ ਲੁਇਸ ਨੂੰ ਸੰਸਦ ਦੇ ਸਪੀਕਰ ਦੇ ਰੂਪ ''ਚ ਦਿੱਤੀ ਮਨਜ਼ੂਰੀ
Thursday, May 28, 2020 - 12:03 AM (IST)
ਕਾਰਾਕਸ - ਵੈਨੇਜ਼ੁਏਲਾ ਦੀ ਸਰਵ ਉੱਚ ਅਦਾਲਤ ਟ੍ਰਿਬਿਊਨਲ ਆਫ ਜਸਟਿਸ (ਟੀ. ਐਸ. ਜੇ.) ਨੇ ਸਾਂਸਦ ਮੈਂਬਰ ਲੁਇਸ ਪਾਰਾ ਨੂੰ ਸੰਸਦ ਦੇ ਸਪੀਕਰ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਟੀ. ਐਸ. ਜੇ. ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਅਦਾਲਤ ਨੇ ਫੇਸਬੁੱਕ 'ਤੇ ਲਿੱਖਿਆ ਕਿ ਟੀ. ਐਸ. ਜੇ. ਦੇ ਸੰਸਦੀ ਕਾਰਜਕਾਲ ਚੈਂਬਰ ਨੂੰ ਕਾਨੂੰਨੀ ਰੂਪ ਤੋਂ ਜਾਇਜ਼ ਰਾਸ਼ਟਰੀ ਅਸੈਂਬਲੀ ਦੀ ਅਗਵਾਈ ਦੇ ਰੂਪ ਵਿਚ ਮਾਨਤਾ ਪ੍ਰਾਪਤ ਹੈ, ਜਿਸ ਨੂੰ ਇਸ ਸਾਲ 5 ਜਨਵਰੀ ਨੂੰ 2020-2021 ਦੇ ਸੰਸਦੀ ਕਾਰਜਕਾਲ ਲਈ ਨਿਯੁਕਤ ਕੀਤਾ ਗਿਆ ਹੈ, ਜਿਸ ਵਿਚ ਸਾਂਸਦ ਲੁਇਸ ਐਡੁਆਡਰ ਪਾਰਾ ਰਿਵੇਰੋ ਨੂੰ ਸੰਸਦ ਦਾ ਸਪੀਕਰ, ਫ੍ਰੈਂਕਲਿਨ ਡੁਟੱਰੇ ਪਹਿਲੇ ਡਿਪਟੀ ਸਪੀਕਰ ਅਤੇ ਜੋਸ ਗ੍ਰੇਗੋਰੀਆ ਨੋਰੀਏਗਾ ਨੂੰ ਦੂਜਾ ਡਿਪਟੀ ਸਪੀਕਰ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਦਾ ਸਿਆਸੀ ਸੰਕਟ ਪਿਛਲੇ ਸਾਲ ਜਨਵਰੀ ਮਹੀਨੇ ਵਿਚ ਸ਼ੁਰੂ ਹੋਇਆ ਜਦ ਵਿਰੋਧੀ ਧਿਰ ਦੇ ਨੇਤਾ ਗੁਆਡੋ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਬਾਹਰ ਕਰਨ ਲਈ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਕੀਤਾ। ਅਮਰੀਕਾ ਦੀ ਅਗਵਾਈ ਵਿਚ ਕਈ ਪੱਛਮੀ ਦੇਸ਼ਾਂ ਨੇ ਗੁਆਡੋ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਵੱਜੋਂ ਮਾਨਤਾ ਦੇ ਦਿੱਤੀ। ਚੀਨ, ਰੂਸ, ਤੁਰਕੀ ਅਤੇ ਹੋਰ ਦੇਸ਼ ਰਾਸ਼ਟਰਪਤੀ ਮਾਦੁਰੋ ਦੇ ਪੱਖ ਵਿਚ ਖੜ੍ਹੇ ਹਨ। ਉਥੇ ਹੀ ਅਮਰੀਕਾ ਗੁਆਡੋ ਨੂੰ ਰਾਸ਼ਟਰਪਤੀ ਸਾਬਿਤ ਕਰਨ ਦੀ ਹਰ ਇਕ ਕੋਸ਼ਿਸ਼ ਕਰਦਾ ਆ ਰਿਹਾ ਹੈ ਕਿਉਂਕਿ ਉਹ ਗੁਆਡੋ ਦਾ ਸਾਥ ਲੈ ਕੇ ਵੈਨੇਜ਼ੁਏਲਾ ਤੋਂ ਤੇਲ ਦੀ ਸਪਲਾਈ ਅਤੇ ਵਪਾਰ ਵਧਾਉਣਾ ਚਾਹੁੰਦਾ ਹੈ।