ਅਮਰੀਕਾ ''ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਬਣੀ ਐਸੋਸੀਏਟ ਅਟਾਰਨੀ ਜਨਰਲ
Thursday, Apr 22, 2021 - 07:07 PM (IST)
ਵਾਸ਼ਿੰਗਟਨ (ਬਿਊਰੋ): ਬਾਈਡੇਨ ਪ੍ਰਸ਼ਾਸਨ ਵਿਚ ਉੱਚੇ ਅਹੁਦੇ 'ਤੇ ਇਕ ਹੋਰ ਭਾਰਤੀ ਮੂਲ ਦਾ ਨਾਗਰਿਕ ਚੁਣਿਆ ਗਿਆ ਹੈ। ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਵਿਭਾਗ ਵਿਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨਿਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੇ ਨਾਮ 'ਤੇ ਅਮਰੀਕੀ ਸੈਨੇਟ ਵਿਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਨੂੰ ਮੁਹਰ ਲਗਾਈ ਗਈ। ਇੱਥੇ ਦੱਸ ਦਈਏ ਕਿ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੋਣ ਦਾ ਸਨਮਾਨ ਵੀ ਵਨਿਤਾ ਨੂੰ ਹੀ ਮਿਲਿਆ ਹੈ। ਸੀ.ਐੱਨ.ਐੱਨ. ਮੁਤਾਬਕ ਵਨਿਤਾ ਗੁਪਤਾ ਦੇ ਨਾਮ 'ਤੇ ਸੈਨੇਟ ਵਿਚ ਵੋਟਿੰਗ ਹੋਈ ਅਤੇ 51-49 ਦੇ ਅੰਤਰ ਨਾਲ ਉਹਨਾਂ ਨੇ ਨਾਮ ਨੂੰ ਮਨਜ਼ੂਰੀ ਮਿਲੀ ਹੈ।
ਰੀਪਬਲਿਕਨ ਲਿਸਾ ਮੁਰਕੋਵਸਕੀ ਨੇ ਬਾਈਡੇਨ ਦੇ ਉਮੀਦਵਾਰ ਦੇ ਪੱਖ ਆਪਣਾ ਵੋਟ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਨਿਤਾ ਗੁਪਤਾ ਨਿੱਜੀ ਤੌਰ 'ਤੇ ਅਨਿਆਂ ਦਾ ਮੁਕਾਬਲਾ ਕਰਨ ਲਈ ਵਚਨਬੱਧ ਰਹੀ ਹੈ। ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਉਹਨਾਂ ਨੇ ਬਹੁਤ ਹੀ ਕੁਸ਼ਲ ਅਤੇ ਸਨਮਾਨਿਤ ਭਾਰਤੀ ਮੂਲ ਦੀ ਵਕੀਲ ਵਨਿਤਾ ਗੁਪਤਾ ਨੂੰ ਨਾਮਜ਼ਦ ਕੀਤਾ ਹੈ, ਜਿਹਨਾਂ ਨੇ ਆਪਣਾ ਪੂਰਾ ਕਰੀਅਰ ਨਸਲੀ ਸਮਾਨਤਾ ਅਤੇ ਨਿਆਂ ਦੀ ਲੜਾਈ ਵਿਚ ਲਗਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੂੰ ਰਾਹਤ, ਯੂ.ਏ.ਈ. ਨੇ ਕਰਜ਼ ਚੁਕਾਉਣ ਲਈ ਦਿੱਤੀ ਮੋਹਲਤ
ਅਮਰੀਕਾ ਸੈਨੇਟ ਵਿਚ ਵਨਿਤਾ ਗੁਪਤਾ ਦੇ ਨਾਮ 'ਤੇ ਵੋਟਿੰਗ ਪਿਛਲੇ ਹਫ਼ਤੇ ਹੀ ਹੋਣੀ ਸੀ ਪਰ ਰੀਪਬਲਿਕਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਹਾਲ ਹੀ ਵਿਚ ਵਨਿਤਾ ਗੁਪਤਾ ਨੇ ਕੁਝ ਟਵੀਟ ਰੀਪਬਲਿਕਨਾਂ ਦੀ ਆਲੋਚਨਾ ਕਰਦਿਆਂ ਕੀਤੇ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਿਆਂ ਵਿਭਾਗ ਵਿਚ ਤੀਜਾ ਸਭ ਤੋਂ ਉੱਚਾ ਅਹੁਦਾ ਐਸੋਸੀਏਟ ਅਟਾਰਨੀ ਜਨਰਲ ਦਾ ਹੁੰਦਾ ਹੈ। ਇਸ ਵਿਭਾਗ ਵਿਚ ਐਸੋਸੀਏਟ ਅਟਾਰਨੀ ਜਨਰਲ ਦੇ ਤੌਰ 'ਤੇ ਵਨਿਤਾ ਗੁਪਤਾ ਨਾਗਰਿਕ ਅਧਿਕਾਰਾਂ ਦੇ ਕੰਮ ਦੀ ਨਿਗਰਾਨੀ ਵਿਚ ਅਹਿਮ ਭੂਮਿਕਾ ਨਿਭਾਏਗੀ।
ਨੋਟ- ਭਾਰਤੀ ਮੂਲ ਦੀ ਵਨਿਤਾ ਗੁਪਤਾ ਬਣੀ ਐਸੋਸੀਏਟ ਅਟਾਰਨੀ ਜਨਰਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।