ਦੁਨੀਆ ਭਰ ਦੇ ਕਰੋੜਾਂ ਬੱਚਿਆਂ ''ਤੇ ਮੰਡਰਾ ਰਿਹੈ ਖਤਰਾ, ਕੋਰੋਨਾ ਡਰੋਂ ਮਾਪੇ ਨਹੀਂ ਲਗਵਾ ਰਹੇ ਟੀਕੇ
Saturday, Apr 25, 2020 - 07:33 AM (IST)

ਸ਼ਿੰਗਟਨ- ਕੋਰੋਨਾ ਵਾਇਰਸ ਦੇ ਚੱਲਦਿਆਂ ਲਾਏ ਗਏ ਲਾਕਡਾਊਨ ਕਾਰਨ ਹਰ ਕੰਮ ਘੱਟ ਗਿਆ ਹੈ। ਲੋਕ ਕੋਰੋਨਾ ਦੇ ਡਰ ਕਾਰਨ ਡਾਕਟਰਾਂ ਕੋਲ ਨਹੀਂ ਜਾ ਰਹੇ ਤੇ ਕਈ ਲੋਕ ਬੱਚਿਆਂ ਨੂੰ ਜ਼ਰੂਰੀ ਲੱਗਣ ਵਾਲੇ ਟੀਕੇ ਵੀ ਨਹੀਂ ਲਗਵਾ ਰਹੇ। ਸਿਹਤ ਮਾਹਿਰਾਂ ਨੂੰ ਡਰ ਹੈ ਕਿ ਇਸ ਤਰ੍ਹਾਂ ਬੱਚਿਆਂ ਨੂੰ ਹੋਰ ਬੀਮਾਰੀਆਂ ਦਾ ਖਤਰਾ ਵੱਧ ਜਾਵੇਗਾ। ਇਸ ਕਾਰਨ ਦੁਨੀਆ ਭਰ ਦੇ 10 ਕਰੋੜ ਬੱਚਿਆਂ 'ਤੇ ਕੋਰੋਨਾ ਤੋਂ ਇਲਾਵਾ ਕਈ ਹੋਰ ਬੀਮਾਰੀਆਂ ਦਾ ਖਤਰਾ ਮੰਡਰਾ ਰਿਹਾ ਹੈ।
ਟੀਕਾਕਰਣ ਦੀ ਦਰ ਖਤਰਨਾਕ ਰੂਪ ਨਾਲ ਘਟੀ ਹੈ। ਇਸ ਕਾਰਨ ਕਰੋੜਾਂ ਬੱਚਿਆਂ ਦੇ ਚੇਚਕ, ਖੰਘ ਅਤੇ ਹੋਰ ਭਿਆਨਕ ਬੀਮਾਰੀਆਂ ਦੇ ਲਪੇਟ ਵਿਚ ਆਉਣ ਦਾ ਖਤਰਾ ਵੱਧ ਹੈ। ਵਾਇਰਸ ਰੋਗਾਂ 'ਤੇ ਬਣੀ ਅਮਰੀਕੀ ਅਕੈਡਮੀ ਆਫ ਪੀਡਿਆਟ੍ਰਿਕਸ ਕਮੇਟੀ ਦੇ ਮੈਂਬਰ ਡਾ. ਸੀਨ ਟੀ. ਓ ਲੀਰੀ ਮੁਤਾਬਕ ਜੇਕਰ ਟੀਕਾਕਰਣ ਵਿਚ ਅਜਿਹੀ ਹੀ ਗਿਰਾਵਟ ਆਉਂਦੀ ਰਹੀ ਤਾਂ ਖਦਸ਼ਾ ਹੈ ਕਿ ਟੀਕਿਆਂ ਨਾਲ ਰੋਕੀਆਂ ਜਾਣ ਵਾਲੀਆਂ ਬੀਮਾਰੀਆਂ ਵੀ ਫੈਲਣ ਲੱਗ ਜਾਣ।
ਪੀਡੀਆਟ੍ਰਿਕ ਇਲੈਕਟ੍ਰੋਨਿਕ ਹੈਲਥ ਰਿਕਾਰਡਜ਼ ਕੰਪਨੀ ਵਲੋਂ ਅਮਰੀਕਾ ਦੇ 1000 ਕਲੀਨਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ 16 ਫਰਵਰੀ ਦੇ ਮੁਕਾਬਲੇ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਚੇਚਕ, ਗੋਇਟਰ ਰੋਗ ਅਤੇ ਰੂਬੇਲਾ ਦੇ ਟੀਕਾਕਰਣ ਵਿਚ 50 ਫੀਸਦੀ ਡਿਪਥੀਰੀਆ ਤੇ ਕੁਕਰ ਖੰਘ ਦੇ ਟੀਕਿਆਂ ਵਿਚ 42 ਫੀਸਦੀ ਅਤੇ ਐੱਚ. ਪੀ. ਵੀ. ਦੇ ਟੀਕਾਕਰਣ ਵਿਚ 73 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਹੀ ਨਹੀਂ, ਸਰਕਾਰ ਵਲੋਂ ਮੁਫਤ ਲਗਾਏ ਜਾਣ ਵਾਲੇ ਟੀਕਿਆਂ ਵਿਚ ਵੀ ਮਾਰਚ ਦੀ ਸ਼ੁਰੂਆਤ ਤੋਂ ਹੀ ਗਿਰਾਵਟ ਦੇਖੀ ਗਈ ਹੈ। ਯੂਨੀਸੈਫ ਅਤੇ ਡਬਲਿਊ. ਐੱਚ. ਓ. ਦੇ ਕੌਮਾਂਤਰੀ ਸੰਗਠਨ ਨੇ ਹਾਲ ਹੀ ਵਿਚ ਰਿਪੋਰਟ ਵਿਚ ਦੱਸਿਆ ਸੀ ਕਿ ਦੋ ਦਰਜਨ ਤੋਂ ਵੱਧ ਦੇਸ਼ਾਂ ਵਿਚ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਰੋਕਣਾ ਪਿਆ ਹੈ। ਇਸ ਕਾਰਨ ਤਕਰੀਬਨ 10 ਕਰੋੜ ਬੱਚੇ ਬੀਮਾਰੀ ਅੱਗੇ ਖੜ੍ਹੇ ਹਨ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦਾ ਟੀਕਾਕਰਣ ਸ਼ਡਿਊਲ ਬਣਾ ਕੇ ਰੱਖਣ।