ਕੋਵਿਡ-19: ਸ਼੍ਰੀਲੰਕਾ ’ਚ 20 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ
Friday, Sep 03, 2021 - 03:16 PM (IST)
ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਨੇ ਦੇਸ਼ ਵਿਚ ਬਜ਼ੁਰਗਾਂ ਦੇ ਟੀਕਾਕਰਨ ਦੇ ਲੱਗਭਗ ਪੂਰਾ ਹੋ ਜਾਣ ਅਤੇ ਕੋਵਿਡ-19 ਦੇ ‘ਡੈਲਟਾ’ ਵੈਰੀਐਂਟ ਦੇ ਮਾਮਲੇ ਵੱਧਣ ਦੇ ਮੱਦੇਨਜ਼ਰ 20 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ 20 ਤੋਂ 30 ਸਾਲ ਦੀ ਉਮਰ ਦੇ ਕਰੀਬ 37 ਲੱਖ ਲੋਕ ਹਨ ਅਤੇ ਉਨ੍ਹਾਂ ਦੀ ਯੋਜਨਾ ਅਕਤੂਬਰ ਦੇ ਅੰਤ ਤੱਕ ਇਨ੍ਹਾਂ ਦਾ ਪੂਰਨ ਟੀਕਾਕਰਨ ਕਰਨ ਦੀ ਹੈ।
ਸ਼੍ਰੀਲੰਕਾ ਦੇ 2.2 ਕਰੋੜ ਲੋਕਾਂ ਵਿਚੋਂ 1.46 ਕਰੋੜ ਲੋਕਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਹੈ ਅਤੇ ਇਸ ਮਹੀਨੇ ਇਨ੍ਹਾਂ ਸਾਰਿਆਂ ਦਾ ਪੂਰਨ ਟੀਕਾਕਰਨ ਹੋ ਜਾਏਗਾ। ਸ਼੍ਰੀਲੰਕਾ ਵਿਚ ਕੋਵਿਡ-19 ਦੇ ਨਵੇਂ ਮਾਮਲਿਆਂ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਵਾਧੇ ਤੋਂ ਬਾਅਦ ਟੀਕਾਕਰਨ ਮੁਹਿੰਮ ਤੇਜ਼ ਕੀਤੀ ਗਈ ਹੈ। ਡਾਕਟਰਾਂ ਅਤੇ ਮਜ਼ਦੂਰ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਸਪਤਾਲ ਅਤੇ ਮੁਰਦਾਘਰ ਪੂਰੀ ਤਰ੍ਹਾਂ ਭਰੇ ਹਨ। ਆਈਲੈਂਡ ਦੇਸ਼ ਵਿਚ 20 ਅਗਸਤ ਨੂੰ ਇਕ ਵਾਰ ਫਿਰ ਤਾਲਾਬੰਦੀ ਲਗਾਈ ਗਈ ਸੀ, ਜੋ ਸੋਮਵਾਰ ਤੱਕ ਜਾਰੀ ਰਹੇਗੀ। ਸ਼੍ਰੀਲੰਕਾ ਵਿਚ ਹੁਣ ਤੱਕ ਕੋਵਿਡ-19 ਦੇ 4,44,130 ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਨਾਲ 9400 ਲੋਕਾਂ ਦੀ ਮੌਤ ਹੋਈ ਹੈ।