ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ
Wednesday, Jun 30, 2021 - 09:42 AM (IST)
ਫਰਿਜਨੋ/ਕੈਲੀਫੋਰਨੀਆ/ਨਿਊਯਾਰਕ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਰਾਜ ਗੋਗਨਾ) : ਬੀਤੇ ਦਿਨੀਂ ਅਮਰੀਕਾ ਦੇ ਸੂਬੇ ਮੌਨਟਾਨਾ ਵਿਖੇ ਵਾਪਰੇ ਇਕ ਭਿਆਨਕ ਟਰੱਕ/ਟਰੇਨ ਹਾਦਸੇ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮਰਨ ਵਾਲੇ ਇਕ ਨੌਜਵਾਨ ਡਰਾਈਵਰ ਦੀ ਪਛਾਣ ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਨਾਲ ਪਿਛੋਕੜ ਰੱਖਣ ਵਾਲੇ ਤਰਨਪ੍ਰੀਤ ਸਿੰਘ ਥਾਂਦੀ ਦੇ ਵਜੋਂ ਹੋਈ ਹੈ। ਤਰਨਪ੍ਰੀਤ ਸਿੰਘ ਥਾਂਦੀ 4 ਕੁ ਸਾਲ ਪਹਿਲਾ ਚੰਗੇ ਭਵਿੱਖ ਲਈ ਅਮਰੀਰਾ ਆਇਆ ਸੀ ਅਤੇ ਹਾਲੇ ਅਨਮੈਰਿਡ ਸੀ। ਤਰਨਪ੍ਰੀਤ ਦੀ ਉਮਰ ਮਹਿਜ਼ 24 ਸਾਲ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਇਮਾਰਤ ਡਿੱਗਣ ਕਾਰਨ ਲਾਪਤਾ ਲੋਕਾਂ 'ਚ ਭਾਰਤੀ ਜੋੜੇ ਸਮੇਤ ਇਕ ਬੱਚੀ ਸ਼ਾਮਲ, ਭਾਲ ਜਾਰੀ
ਦੂਸਰੇ ਮ੍ਰਿਤਕ ਪੰਜਾਬੀ ਬਾਰੇ ਇਹੀ ਪਤਾ ਚੱਲਿਆ ਕਿ ਉਹ ਟਰੱਕ ਡਰਾਈਵਰ ਨਹੀਂ ਸੀ ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਭਾਰਤ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ 'ਤੇ ਗਿਆ ਸੀ। ਉਸ ਦਾ ਸਬੰਧ ਵੀ ਬੰਗੇ ਦੇ ਨੇੜਲੇ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ। ਇਹ ਹਾਦਸਾ 27 ਜੂਨ ਸ਼ਾਮ ਦੇ 9.00 ਵਜੇ ਅਮਰੀਕਾ ਦੇ ਸੂਬੇ ਮੌਨਟਾਨਾ ਦੇ ਹਾਈਵੇਅ 90 'ਤੇ ਰੇਲਮਾਰਗ ਪਾਰ ਕਰਨ ਸਮੇਂ ਟਰੱਕ ਅਤੇ ਰੇਲ ਵਿਚਾਲੇ ਵਾਪਰਿਆ।
ਟਰੱਕ ਡਰਾਇਵਰ ਆਪਣਾ ਟਰੱਕ ਸਟਾਪ ਸਾਈਨ 'ਤੇ ਰੋਕਣ ਵਿਚ ਅਸਫ਼ਲ ਰਿਹਾ ਅਤੇ ਰੇਲਗੱਡੀ ਨਾਲ ਡਰਾਈਵਰ ਸਾਇਡ ਤੋਂ ਟਰੱਕ ਟਕਰਾਅ ਗਿਆ ਜਿਸ ਕਾਰਨ ਇਹ ਮੰਦਭਾਗੀ ਦੁਰਘਟਨਾ ਵਾਪਰ ਗਈ। ਟਰੱਕ ਟਰੇਲਰ ਨਾਲੋਂ ਅਲੱਗ ਹੋ ਕੇ ਕਾਫੀ ਦੂਰ ਤੱਕ ਟਰੇਨ ਦੇ ਇੰਜਣ ਨਾਲ ਹੀ ਖਿੱਚਦਾ ਚਲਾ ਗਿਆ ਅਤੇ ਟਰੇਨ ਦੇ ਇੰਜਣ ਨੂੰ ਵੀ ਅੱਗ ਲੱਗ ਗਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ 'ਚ ਮਾਰੀਆਂ ਮੱਲਾਂ, ਪ੍ਰਾਪਤ ਕੀਤੇ 100 ਚੋਂ 100 ਅੰਕ