ਅਮਰੀਕਾ ''ਚ ਬਰਫ਼ੀਲੇ ਤੂਫ਼ਾਨ ਨੇ ਲਈ ਦੋ ਵਿਅਕਤੀਆਂ ਦੀ ਜਾਨ

12/18/2020 8:23:54 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਦੇ ਚੱਲਦਿਆਂ ਹੁਣ ਅਮਰੀਕਾ ਵਿਚ ਬਰਫ਼ੀਲੇ ਤੂਫਾਨ ਨੇ ਦਸਤਕ ਦਿੱਤੀ ਹੈ। ਦੇਸ਼ ਦੇ ਉੱਤਰ ਪੂਰਬ ਵਿਚ 70 ਮਿਲੀਅਨ ਅਮਰੀਕੀ ਲੋਕ ਇਸ ਤੂਫਾਨ ਕਾਰਨ ਭਾਰੀ ਬਰਫਾਰੀ ਅਤੇ ਬਾਰਸ਼ ਦਾ ਸਾਹਮਣਾ ਕਰ ਰਹੇ ਹਨ। ਇਸ ਬਰਫੀਲੇ ਤੁਫਾਨ ਨਾਲ ਕੁਝ ਥਾਵਾਂ 'ਤੇ 2 ਫੁੱਟ ਤੱਕ ਬਰਫ਼ ਪੈਣ ਦੇ ਨਾਲ 50 ਮੀਲ ਪ੍ਰਤੀ ਘੰਟਾ ਦੀਆਂ ਹਵਾਵਾਂ ਅਤੇ ਬਰਫ਼ੀਲੀ ਬਰਸਾਤ ਹੋਣ ਦੀ ਵੀ ਉਮੀਦ ਹੈ। ਨਿਊਯਾਰਕ ਅਤੇ ਬੋਸਟਨ ਸ਼ਾਮਲ ਹਨ, ਪਹਿਲਾਂ ਹੀ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਕੋਰੋਨਾ ਵਾਇਰਸ ਟੈਸਟਿੰਗ ਸਮੇਤ ਕਈ ਸੇਵਾਵਾਂ ਵੀ ਬੰਦ ਕਰ ਰਹੇ ਹਨ।

ਇਸ ਦੇ ਇਲਾਵਾ ਵਰਜੀਨੀਆ ਵਿਚ ਬਰਫ਼ਬਾਰੀ ਕਾਰਨ ਲੋਕਾਂ ਨੂੰ ਮੇਨ ਸੜਕਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਵਰਜੀਨੀਆ ਵਿਚ ਬੁੱਧਵਾਰ ਸਵੇਰੇ ਬਰਫ਼ੀਲੇ ਤੂਫਾਨ ਕਾਰਨ ਉੱਤਰੀ ਕੈਰੋਲਿਨਾ ਦੇ ਪੇਮਬਰੋਕ ਵਾਸੀ 19 ਸਾਲਾ ਬਰੇਨਨਾਗਨ ਕੇ. ਲਾਕਲੇਅਰ ਦੀ ਮੌਤ ਹੋ ਗਈ ਹੈ। ਬਰਫ਼ਬਾਰੀ ਕਾਰਨ ਹੋਈ ਇਕ ਹੋਰ ਘਟਨਾ ਦੌਰਾਨ ਪੈਨਸਿਲਵੇਨੀਆ ਵਿਚ ਵੀ ਇਕ ਵਿਅਕਤੀ ਦੀ ਸੈਰ ਕਰਦੇ ਸਮੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਹੈ। ਇਹ ਤੂਫਾਨ ਕੋਲੋਰਾਡੋ ਤੋਂ ਮਾਈਨ ਤੱਕ ਫੈਲਿਆ ਹੋਇਆ ਹੈ ਅਤੇ ਘੱਟੋ-ਘੱਟ 14 ਰਾਜਾਂ ਵਿਚ ਸਰਦੀਆਂ ਦੇ ਇਸ ਬਰਫੀਲੇ ਤੂਫਾਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਨਿਊਯਾਰਕ ਸਿਟੀ ਵਿਚ ਵੀ 10 ਇੰਚ ਤੱਕ ਬਰਫ ਪੈਣ ਦੀ ਸੰਭਾਵਨਾ ਹੋਣ ਕਰਕੇ ਮੇਅਰ ਬਿਲ ਡੀ ਬਲਾਸੀਓ ਨੇ ਮੰਗਲਵਾਰ ਨੂੰ ਇਸ ਗੰਭੀਰ ਤੂਫਾਨ ਤੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਮਾਹਿਰਾਂ ਅਨੁਸਾਰ ਇਹ ਬਰਫ਼ੀਲੇ ਤੂਫਾਨ ਦੀ ਸਥਿਤੀ ਕੋਰੋਨਾ ਮਹਾਮਾਰੀ ਦੌਰਾਨ ਹੀ ਸਾਹਮਣੇ ਆਈ ਹੈ,ਜਿਸ ਕਾਰਨ ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਟੈਸਟਿੰਗ ਸਾਈਟਾਂ ਬੰਦ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕਨੈਟੀਕਟ, ਮੈਰੀਲੈਂਡ, ਮੈਸੇਚਿਉਸੇਟਸ, ਨਿਊਜਰਸੀ, ਨਿਊਯਾਰਕ, ਪੈਨਸਿਲਵੇਨੀਆ ਅਤੇ ਰੋਡ ਆਈਲੈਂਡ ਆਦਿ ਸ਼ਾਮਲ ਹਨ। ਇਸ ਦੇ ਇਲਾਵਾ ਇਹ ਵੀ ਚਿੰਤਾ ਹੈ ਕਿ ਇਹ ਮੌਸਮ ਫਾਈਜ਼ਰ ਟੀਕੇ ਦੀ ਸਪਲਾਈ 'ਤੇ ਵੀ ਰੋਕ ਲਗਾ ਸਕਦਾ ਹੈ।


Lalita Mam

Content Editor

Related News