ਅਮਰੀਕਾ : ਗੋਰੇ ਸ਼ਖਸ ਨੇ ਬਜ਼ੁਰਗ ਏਸ਼ੀਆਈ ਬੀਬੀ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ

Wednesday, Mar 31, 2021 - 05:59 PM (IST)

ਅਮਰੀਕਾ : ਗੋਰੇ ਸ਼ਖਸ ਨੇ ਬਜ਼ੁਰਗ ਏਸ਼ੀਆਈ ਬੀਬੀ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ

ਮੈਨਹੱਟਨ (ਬਿਊਰੋ): ਅਮਰੀਕਾ ਵਿਚ ਏਸ਼ੀਆਈ ਮੂਲ ਦੇ ਲੋਕਾਂ ਖ਼ਿਲਾਫ਼ ਨਸਲੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਦਿਨਦਿਹਾੜੇ ਵਾਪਰੀ ਤਾਜ਼ਾ ਘਟਨਾ ਵਿਚ ਮੈਨਹੱਟਨ ਸ਼ਹਿਰ ਵਿਚ ਚਰਚਾ ਜਾ ਰਹੀ ਇਕ ਬਜ਼ੁਰਗ ਏਸ਼ੀਆਈ ਮਹਿਲਾ ਨੂੰ ਗੋਰੇ ਸ਼ਖਸ ਨੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਦੌਰਾਨ ਸੋਮਵਾਰ ਨੂੰ ਉੱਥੇ ਦੋ ਸੁਰੱਖਿਆ ਕਰਮੀ ਮੌਜੂਦ ਸਨ ਪਰ ਉਹਨਾਂ ਨੇ ਏਸ਼ੀਆਈ ਮਹਿਲਾ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਮਹਿਲਾ 'ਤੇ ਹਮਲੇ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।

 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈਕਿ 65 ਸਾਲਾ ਪੀੜਤ ਮਹਿਲਾ ਨੂੰ ਹਮਲਾਵਰ ਨੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੇ ਸਿਰ 'ਤੇ ਕਈ ਹਮਲੇ ਕੀਤੇ। ਮਹਿਲਾ ਦੀ ਮਦਦ ਨਾ ਕਰਨ ਵਾਲੇ ਦੋਹਾਂ ਸੁਰੱਖਿਆ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹਨਾਂ ਸੁਰੱਖਿਆ ਬਲਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਗੋਰੇ ਹਮਲਾਵਰ ਨੇ ਮਹਿਲਾ 'ਤੇ ਨਸਲੀ ਟਿੱਪਣੀ ਵੀ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਕੁਝ ਦਿਨਾਂ ਵਿਚ ਏਸ਼ੀਆਈ ਲੋਕਾਂ ਦੇ ਨਸਲੀ ਹਮਲਿਆਂ ਵਿਚ ਬਹੁਤ ਤੇਜ਼ੀ ਆਈ ਹੈ। ਨਿਊਯਾਰਕ ਪੁਲਸ ਮੁਤਾਬਕ ਇਸ ਸਾਲ ਏਸ਼ੀਆਈ ਲੋਕਾਂ ਖ਼ਿਲਾਫ਼ ਹਿੰਸਾ ਦੇ 33 ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਨੇ ਏਸ਼ੀਆਈ ਲੋਕਾਂ ਖ਼ਿਲਾਫ਼ ਹੋ ਰਹੀ ਹਿੰਸਾ ਨਾਲ ਨਜਿੱਠਣ ਲਈ ਕੀਤੀ ਇਹ ਘੋਸ਼ਣਾ

ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਏਸ਼ੀਆਈ ਅਮਰੀਕੀਆਂ ਖ਼ਿਲਾਫ਼ ਹਿੰਸਾ ਅਤੇ ਵਿਦੇਸ਼ੀਆਂ ਤੋਂ ਨਫ਼ਰਤ ਦੀ ਭਾਵਨਾ ਨਾਲ ਨਜਿੱਠਣ ਲਈ ਵਾਧੂ ਕਦਮਾਂ ਦੀ ਘੋਸ਼ਣਾ ਕੀਤੀ ਹੈ। ਮੰਗਲਵਾਰ ਨੂੰ ਹੋਈਆਂ ਇਹਨਾਂ ਘੋਸ਼ਣਾਵਾਂ ਵਿਚ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਸਮੂਹ ਵਸਨੀਕਾਂ (ਏ.ਏ.ਪੀ.ਆਈ.) 'ਤੇ ਵ੍ਹਾਈਟ ਹਾਊਸ ਦੀ ਪਹਿਲ ਨੂੰ ਮੁੜ ਸ਼ੁਰੂ ਅਤੇ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਪਹਿਲ ਦਾ ਉਦੇਸ਼ ਏਸ਼ੀਆਈ ਲੋਕਾਂ ਖ਼ਿਲਾਫ਼ ਵਿਤਕਰੇ ਅਤੇ ਹਿੰਸਾ ਨਾਲ ਨਜਿੱਠਣਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News