ਅਮਰੀਕਾ-ਮੈਕਸੀਕੋ ਸਰਹੱਦ ਕੋਲੋਂ 6 ਦਿਨਾਂ ''ਚ 1000 ਪ੍ਰਵਾਸੀ ਬੱਚੇ ਫੜੇ ਗਏ
Saturday, Nov 28, 2020 - 09:24 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਇਕ ਅਦਾਲਤ ਨੂੰ ਦਿੱਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਮੈਕਸੀਕੋ ਦੀ ਸਰਹੱਦ ਕੋਲ ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫਤੇ ਦੇ ਛੇ ਦਿਨਾਂ ਦੌਰਾਨ ਲਗਭਗ 1000 ਅਣਪਛਾਤੇ ਪ੍ਰਵਾਸੀ ਬੱਚਿਆਂ ਨੂੰ ਫੜਿਆ ਹੈ। ਏਜੰਸੀ ਦੇ ਉੱਚ ਅਧਿਕਾਰੀ, ਮਾਰਕ ਮੋਰਗਨ ਅਨੁਸਾਰ 18 ਨਵੰਬਰ ਤੋਂ 23 ਨਵੰਬਰ ਤੱਕ, ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਨੇ 997 ਪ੍ਰਵਾਸੀ ਨਾਬਾਲਗਾਂ 'ਤੇ ਕਾਰਵਾਈ ਕੀਤੀ ਹੈ ਜਿਹੜੇ ਕਿ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਤੋਂ ਬਿਨਾਂ ਯਾਤਰਾ ਕਰ ਰਹੇ ਸਨ ਜਦਕਿ 8 ਸਤੰਬਰ ਤੋਂ ਬਾਅਦ 9,900 ਤੋਂ ਵੱਧ ਅਣਪਛਾਤੇ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਮੋਰਗਨ ਨੇ ਇਨ੍ਹਾਂ ਅੰਕੜਿਆਂ ਦਾ ਖੁਲਾਸਾ ਡੀ. ਸੀ. ਸਰਕਟ ਅਦਾਲਤ ਵਲੋਂ ਟਰੰਪ ਪ੍ਰਸ਼ਾਸਨ ਦੀ ਇਕ ਹੇਠਲੀ ਅਦਾਲਤ ਦੇ ਆਦੇਸ਼ ਨੂੰ ਮੁਅੱਤਲ ਕਰਨ ਦੇ ਹਿੱਸੇ ਵਜੋਂ ਕੀਤਾ ਜੋ ਇਸ ਸਮੇਂ ਸਰਹੱਦੀ ਅਧਿਕਾਰੀਆਂ ਨੂੰ ਬਿਨਾਂ ਸੁਣਵਾਈ ਜਾਂ ਸ਼ਰਨ ਦੀ ਜਾਂਚ ਤੋਂ ਬਿਨਾਂ ਗੈਰ ਕਾਨੂੰਨੀ ਪ੍ਰਵਾਸੀ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਣ ਤੋਂ ਰੋਕਦਾ ਹੈ। ਪਿਛਲੇ ਬੁੱਧਵਾਰ ਨੂੰ ਵਾਸ਼ਿੰਗਟਨ 'ਚ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਐਮਮੇਟ ਸਲੀਵਨ ਨੇ ਫੈਸਲਾ ਦਿੱਤਾ ਸੀ ਕਿ ਟਰੰਪ ਪ੍ਰਸ਼ਾਸਨ ਦੁਆਰਾ ਸਰਹੱਦ ਪਾਰ ਵਾਲੇ ਲੋਕਾਂ ਨੂੰ ਦੇਸ਼ ਵਿਚੋਂ ਕੱਢਣ ਵਾਲਾ ਕਾਨੂੰਨ ਇਸ ਮਹਾਮਾਰੀ ਦੌਰਾਨ ਵੀ ਇਕੱਲੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਅਧਿਕਾਰ ਨਹੀਂ ਦਿੰਦਾ ਹੈ ।
ਸਲੀਵਨ ਦੇ ਇਸ ਆਦੇਸ਼ ਨੂੰ ਜਾਰੀ ਕਰਨ ਤੋਂ ਪਹਿਲਾਂ, ਅਪ੍ਰੈਲ ਵਿਚ ਸਯੁੰਕਤ ਰਾਜ-ਮੈਕਸੀਕੋ ਸਰਹੱਦ ਦੇ ਨਾਲ-ਨਾਲ ਅਣਪਛਾਤੇ ਪ੍ਰਵਾਸੀ ਬੱਚਿਆਂ ਦੀ ਗ੍ਰਿਫਤਾਰੀ 741 ਤੱਕ ਵੱਧ ਗਈ ਸੀ ਜਦਕਿ ਸਤੰਬਰ ਅਤੇ ਅਕਤੂਬਰ ਵਿਚ ਸੀ. ਬੀ. ਪੀ. ਏਜੰਟਾਂ ਨੇ ਕ੍ਰਮਵਾਰ 3,883 ਅਤੇ 4,764 ਗੈਰਕਾਨੂੰਨੀ ਪ੍ਰਵਾਸੀ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਦੇਸ਼ ਦੇ ਰਫਿਊਜੀ ਰੀਸੈਟਲਮੈਂਟ ਦਫ਼ਤਰ 'ਚ ਜਿੱਥੇ ਜ਼ਿਆਦਾਤਰ ਪ੍ਰਵਾਸੀ ਬੱਚਿਆਂ ਨੂੰ ਮਹਾਮਾਰੀ ਤੋਂ ਪਹਿਲਾਂ ਭੇਜਿਆ ਗਿਆ ਸੀ, ਦੀਆਂ ਪਨਾਹਾਂ ਵਿਚ ਇਸ ਸਮੇਂ 2,300 ਤੋਂ ਵੱਧ ਨਾਬਾਲਗ ਰਹਿ ਰਹੇ ਹਨ ,ਜਿਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਜੂਨ ਦੇ ਵਿਚਕਾਰ 162 ਬੱਚਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਸ ਦਫ਼ਤਰ ਨੇ ਸਤੰਬਰ ਅਤੇ ਅਕਤੂਬਰ ਵਿਚ ਸਰਹੱਦੀ ਅਧਿਕਾਰੀਆਂ ਤੋਂ ਕ੍ਰਮਵਾਰ 1,218 ਅਤੇ 1,530 ਪ੍ਰਵਾਸੀ ਨਾਬਾਲਗ ਫੜੇ ਹਨ।