ਅਮਰੀਕਾ : ਗੁਰਜਤਿੰਦਰ ਰੰਧਾਵਾ ਨੂੰ ਬੋਰਡ ਆਫ ਡਾਇਰੈਕਟਰ ਕੀਤਾ ਗਿਆ ਨਾਮਜ਼ਦ
Wednesday, Jun 29, 2022 - 10:58 AM (IST)
ਨਿਊਯਾਰਕ (ਰਾਜ ਗੋਗਨਾ)- ਪੰਜਾਬੀ ਭਾਈਚਾਰੇ ਵਿੱਚ ਜਾਣੀ-ਪਹਿਚਾਣੀ ਸ਼ਖਸੀਅਤ ਸ: ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਸੈਕਰਾਮੈਂਟੋ ਦੀ 111 ਸਾਲ ਪੁਰਾਣੀ ਸੰਸਥਾ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਕਿ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਸੰਸਥਾ ਸੰਨ 1911 ਵਿੱਚ ਹੋਂਦ ’ਚ ਆਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਅਮਰੀਕਾ ਦਰਮਿਆਨ ਵਿਸ਼ਵਾਸ ਬਣਾਉਣ 'ਚ ਨਿਭਾਈ ਅਹਿਮ ਭੂਮਿਕਾ : ਸੰਧੂ
ਇਸ ਸੰਸਥਾ ਵੱਲੋਂ ਸਾਰੇ ਧਰਮਾਂ ਦੇ ਸਤਿਕਾਰ ਹਿੱਤ ਕੰਮ ਕੀਤਾ ਜਾਂਦਾ ਹੈ। ਇਸ ਸੰਸਥਾ ਵਿੱਚ ਤਕਰੀਬਨ ਹਰ ਮਜ਼੍ਹਬ ਨੂੰ ਸਥਾਨ ਦਿੱਤਾ ਗਿਆ ਹੈ। ਸਿੱਖ ਭਾਈਚਾਰੇ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਬੜੇ ਮਾਣ ਵਾਲੀ ਗੱਲ ਹੈ।ਇਸ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਦੀ ਪਹਿਚਾਣ ਬਣਾਉਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਸੰਸਥਾਵਾਂ ਰਾਹੀਂ ਸਥਾਨਕ ਲੋਕਾਂ ਵਿਚ ਸਿੱਖ ਧਰਮ ਬਾਰੇ ਜਾਗਰੂਕਤਾ ਲਿਆਉਣ ’ਚ ਵਿਸ਼ੇਸ਼ ਮਦਦ ਮਿਲਦੀ ਹੈ।ਜ਼ਿਕਰਯੋਗ ਹੈ ਕਿ ਸ. ਰੰਧਾਵਾ ਇਸ ਵੇਲੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਵੀ ਹਨ ਅਤੇ ਨਾਲ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਵੀ ਹਨ। ਇਸ ਤੋਂ ਪਹਿਲਾਂ ਉਹ ਸੰਨ 2016 ਵਿਚ ਨੈਸ਼ਨਲ ਡੈਲੀਗੇਟ ਦੀ ਚੋਣ ਵੀ ਜਿੱਤ ਚੁੱਕੇ ਹਨ।