ਅਮਰੀਕਾ : ਭਾਰਤੀ ਮੂਲ ਦੇ ਲੋਕਾਂ ਵੱਲੋ ਕਿਸਾਨਾਂ ਦੀ ਹਮਾਇਤ ''ਚ ਭਰਵਾਂ ਮੁਜ਼ਾਹਰਾ

Monday, Dec 07, 2020 - 06:01 PM (IST)

ਅਮਰੀਕਾ : ਭਾਰਤੀ ਮੂਲ ਦੇ ਲੋਕਾਂ ਵੱਲੋ ਕਿਸਾਨਾਂ ਦੀ ਹਮਾਇਤ ''ਚ ਭਰਵਾਂ ਮੁਜ਼ਾਹਰਾ

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੀ ਹਮਾਇਤ ਵਿੱਚ ਵਾਸ਼ਿੰਗਟਨ ਡੀ.ਸੀ. ਵਿਚ ਸਥਿਤ ਅੰਬੈਸੀ ਦੇ ਸਾਹਮਣੇ ਇਕ ਭਰਵਾਂ ਰੌਸ  ਮੁਜ਼ਾਹਰਾ ਕੀਤਾ ਗਿਆ। ਭਾਰਤੀ ਮੂਲ ਦੇ ਕਿਸਾਨ ਹਮਾਇਤੀਆਂ ਵਲੋਂ ਬੈਨਰਾਂ, ਨਾਅਰਿਆਂ ਦੀ ਗੂੰਜ ਨਾਲ ਕਿਸਾਨਾਂ ਦੀ ਡੱਟਵੀ ਹਮਾਇਤ ਕੀਤੀ ਗਈ।ਇਸ ਦੇ ਨਾਲ ਹੀ ਭਾਰਤ ਦੀ ਕੇਂਦਰ ਸਰਕਾਰ ਦੇ ਮੁਰਦਾਬਾਦ ਦੇ ਨਾਅਰੇ ਲਾਏ ਗਏ ਅਤੇ ਬੁਲਾਰਿਆਂ ਨੇ ਸਿਰਫ ਕਿਸਾਨਾਂ ਦੀ ਹੀ ਗੱਲ ਕੀਤੀ।  

ਕੋਈ ਵੀ ਧਾਰਮਿਕ ਅਤੇ ਰਾਜਨੀਤਿਕ ਸਪੀਚ ਨਹੀਂ ਕੀਤੀ ਗਈ।ਇਸ ਮੌਕੇ ਨੈਸ਼ਨਲ ਮੀਡੀਆ ਦੀ ਵੀ ਪੁਰ-ਜ਼ੋਰ ਨਿੰਦਿਆ ਕੀਤੀ ਗਈ ਕਿ ਉਹ ਕੰਗਣਾ ਦੀ ਕੰਧ ਢਾਉਣ ਤੇ ਸੁਸ਼ਾਂਤ ਦੀ ਮੌਤ ਨੂੰ ਤਾਂ ਸੁਰਖੀਆਂ ਬਣਾਉਂਦੇ ਹਨ ਪਰ ਕਿਸਾਨਾਂ ਬਾਰੇ ਉਹ ਚੁੱਪ ਹੈ। ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਖੱਡਾਂ ਪੁੱਟੀਆਂ ਗਈਆਂ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਵੱਡੇ ਵੱਡੇ ਪੱਥਰਾਂ ਨਾਲ ਰਾਹ ਰੋਕੇ ਗਏ ਪਰ ਜੁਝਾਰੂ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਆਪਣੀ ਬਹਾਦਰੀ ਦਾ ਝੰਡਾ ਬੁਲੰਦ ਕੀਤਾ।

ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਸ਼ਾਂਤਮਈ ਸੰਘਰਸ਼ ਕੀਤਾ ਗਿਆ ਹੈ, ਦੁਨੀਆ ਵਿੱਚ ਪਤਾ ਲੱਗ ਗਿਆ ਹੈ ਕਿ ਕਿਸਾਨ ਸ਼ਾਂਤੀ ਦੇ ਮੁਦੱਈ ਹਨ। ਇਸ ਮੌਕੇ ਇਕੱਠੇ ਹੋਏ ਪੰਜਾਬੀਆਂ ਨੇ ਕਿਹਾ ਕਿ ਅਮਰੀਕਨ-ਪੰਜਾਬੀ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਵੀ ਖੜ੍ਹੇ ਹਨ। ਕਿਸਾਨਾਂ ਦੀ ਪੀੜਾ ਸਾਨੂੰ ਮਹਿਸੂਸ ਹੁੰਦੀ ਹੈ। ਕਿਉਂਕਿ ਸਾਡੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਇਸੇ ਕਰਕੇ ਅੱਜ ਅਸੀਂ ਇਕੱਠੇ ਹੋ ਕੇ ਸਰਕਾਰ ਨੂੰ ਦਿਖਾ ਦਿੱਤਾ ਹੈ ਕਿ ਅਸੀਂ ਸਾਰੇ ਇੱਕ ਹਾਂ ਅਤੇ ਕੇਂਦਰ ਸਰਕਾਰ ਤੁਰੰਤ ਹੀ ਕਿਸਾਨਾਂ ਦੇ ਮਸਲੇ ਨੂੰ ਹੱਲ ਕਰੇ। ਇਸ ਕਿਸਾਨ ਹਮਾਇਤ ਸੰਘਰਸ਼ ਵਿੱਚ ਬੀਬੀਆਂ, ਬੱਚੇ, ਬੁੱਢੇ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਵਧ ਚੜ੍ਹਕੇ ਹਿੱਸਾ ਲਿਆ ਤਾਂ ਜੋ ਬੋਲੀ ਤੇ ਗੂੰਗੀ ਸਰਕਾਰ ਨੂੰ ਜਗਾਇਆ ਜਾ ਸਕੇ ਤੇ ਉਹ ਕਿਸਾਨਾਂ ਦੇ ਬਿੱਲਾਂ ਨੂੰ ਰੱਦ ਕਰੇ। ਬੁਲਾਰਿਆਂ ਨੇ ਲਗਾਤਾਰ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਲੰਗਰ ਅਤੁੱਟ ਵਰਤ ਰਿਹਾ ਸੀ। ਇਸ ਵਿਰੋਧ ਪ੍ਰਦਰਸ਼ਨ ਦਾ ਏਜੰਡਾ ਸਿਰਫ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਸੀ।

ਨੋਟ- ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕੀਤੇ ਮੁਜ਼ਾਹਰੇ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News