ਕੌਣ ਬਣੇਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ? ਇਹ 7 ਸੂਬੇ ਕਰਨਗੇ ਫ਼ੈਸਲਾ
Wednesday, Oct 07, 2020 - 11:44 AM (IST)
ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਹੁਣ ਇਕ ਮਹੀਨੇ ਤੋਂ ਵੀ ਘੱਟ ਦਿਨ ਬਚੇ ਹਨ। ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਇਸ ਦਾ ਫ਼ੈਸਲਾ ਇੱਥੋਂ ਦੇ 7 ਸੂਬੇ ਕਰਨਗੇ। ਹਾਲਾਂਕਿ ਵੋਟਾਂ ਤਾਂ ਸਾਰੇ ਦੇਸ਼ ਦੇ ਸੂਬਿਆਂ ਵਿਚ ਰਹਿਣ ਵਾਲੇ ਵੋਟਰਾਂ ਨੇ ਹੀ ਪਾਉਣੀਆਂ ਹਨ ਪਰ 7 ਸੂਬਿਆਂ ਦੀਆਂ ਵੋਟਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਦਾ ਭਵਿੱਖ ਤੈਅ ਕਰ ਦਿੰਦੀਆਂ ਹਨ।
ਇੱਥੇ ਕੁੱਲ ਮਿਲਾ ਕੇ 538 ਇਲੈਕਟਰੋਲ ਕਾਲਜ ਭਾਵ ਚੋਣ ਮੰਡਲ ਹਨ ਅਤੇ ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ ਘੱਟ ਤੋਂ ਘੱਟ 270 ਇਲੈਕਟਰੋਲ ਕਾਲਜ ਦਾ ਜਿੱਤਣਾ ਜ਼ਰੂਰੀ ਹੈ। ਮੀਡੀਆ ਰਿਪੋਰਟ ਮੁਤਾਬਕ ਡੈਮੋਕ੍ਰੇਟਿਕ ਤੇ ਰੀਪਬਲਿਕਨ ਪਾਰਟੀਆਂ ਦਾ ਪੂਰਾ ਧਿਆਨ 7 ਸੂਬਿਆਂ 'ਤੇ ਹੈ, ਜੋ ਉਨ੍ਹਾਂ ਦੀ ਰਾਸ਼ਟਰਪਤੀ ਦੀ ਕੁਰਸੀ ਤੈਅ ਕਰ ਸਕਦੇ ਹਨ। 3 ਨਵੰਬਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਵਿਚਕਾਰ ਮੁਕਾਬਲਾ ਹੈ, ਜੋ ਸਾਬਕਾ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ।
ਇਹ ਹਨ ਸੂਬਿਆਂ ਦੇ ਨਾਂ-
ਓਹੀਓ ਸੂਬੇ ਵਿਚ 18 ਚੋਣ ਮੰਡਲ ਹਨ। ਦੋਹਾਂ ਨੇਤਾਵਾਂ ਨੇ ਇੱਥੋਂ ਹੀ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਹੈ।
ਉੱਤਰੀ ਕੈਰੋਲੀਨਾ ਸੂਬੇ ਵਿਚੋਂ 3.1 ਫੀਸਦੀ ਵੋਟਾਂ ਇਸੇ ਸੂਬੇ ਵਿਚੋਂ ਰਾਸ਼ਟਰਪਤੀ ਦੀ ਜਿੱਤ ਵਿਚ ਦਰਜ ਹੋਣੀਆਂ ਹਨ। ਕਿਹਾ ਜਾ ਰਿਹਾ ਹੈ ਕਿ ਬਾਈਡੇਨ ਨੂੰ ਇੱਥੋਂ 15 ਇਲੈਕਟਰੋਲ ਵੋਟ ਮਿਲ ਸਕਦੇ ਹਨ।
ਅਰੀਜੋਨਾ- 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਤੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਵਿਚਕਾਰ ਵੋਟ ਸ਼ੇਅਰ ਦਾ ਅਨੁਪਾਤ 50-45 ਦਾ ਰਿਹਾ ਸੀ। ਤਕਰੀਬਨ 5.3 ਫੀਸਦੀ ਵੋਟਰ ਕਿਸੇ ਦੀ ਵੀ ਜਿੱਤ ਪੱਕੀ ਕਰਵਾ ਸਕਦੇ ਹਨ।
ਮਿਸ਼ੀਗਨ ਦੀ ਭੂਮਿਕਾ 9 ਫੀਸਦੀ ਹੈ। ਖ਼ਬਰਾਂ ਮੁਤਾਬਕ 2016 ਵਿਚ ਟਰੰਪ ਨੇ ਇੱਥੋਂ ਹਿਲੇਰੀ ਕਲਿੰਟਨ 'ਤੇ ਸਿਰਫ 0.2 ਫੀਸਦੀ ਦੀ ਬੜ੍ਹਤ ਨਾਲ ਜਿੱਤ ਹਾਸਲ ਕੀਤੀ ਸੀ।
ਫਲੋਰੀਡਾ- ਰਾਸ਼ਟਰਪਤੀ ਚੋਣ ਵਿਚ ਬਹੁਮਤ ਦਾ ਅੰਕੜਾ ਛੂਹਣ ਲਈ 14.3 ਫੀਸਦੀ ਚੋਣ ਨੂੰ ਪ੍ਰਭਾਵਿਤ ਕਰ ਸਕਦਾ ਹੈ। 2016 ਵਿਚ ਇੱਥੇ ਟਰੰਪ ਤੇ ਕਲਿੰਟਨ ਵਿਚਕਾਰ 49-49 ਪੁਆਇੰਟ ਦਾ ਹੀ ਅੰਤਰ ਸੀ।
ਪੇਨਸਿਲਵੇਨੀਆ- 2020 ਦੀਆਂ ਚੋਣਾਂ ਵਿਚ 28.3 ਫੀਸਦੀ ਇਹ ਸੂਬਾ ਰਾਸ਼ਟਰਪਤੀ ਦੀ ਚੋਣ ਦਾ ਫੈਸਲਾ ਕਰ ਸਕਦਾ ਹੈ। ਇਸ ਅਹਿਮ ਸੂਬੇ ਵਿਚ ਬਾਈਡੇਨ ਦੇ ਜਿੱਤਣ ਦੀ 75 ਫੀਸਦੀ ਤਕ ਸੰਭਾਵਨਾ ਜਤਾਈ ਜਾ ਰਹੀ ਹੈ।
ਵਿਸਕਿਨਸਨ- ਫਾਈਵ ਥਰਟੀ ਏਟ ਖ਼ਬਰਾਂ ਮੁਤਾਬਕ ਇਲੈਕਟਰੋਲ ਕਾਲਜ ਵਿਚ ਇਸ ਸੂਬੇ ਵਿਚੋਂ 13.4 ਫੀਸਦੀ ਵੋਟਰ ਰਾਸ਼ਟਰਪਤੀ ਚੋਣ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਖ਼ਬਰਾਂ ਇਹ ਵੀ ਹਨ ਕਿ ਇਸ ਵਾਰ ਟਰੰਪ ਨਾਲੋਂ ਬਾਈਡੇਨ ਦਾ ਪੱਲਾ ਭਾਰੀ ਲੱਗ ਰਿਹਾ ਹੈ ਪਰ ਜਿੱਤ-ਹਾਰ ਦਾ ਫੈਸਲਾ ਜਨਤਾ ਦੇ ਹੱਥ ਹੈ।