ਅਮਰੀਕਾ ''ਚ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ, ਚੱਪੇ-ਚੱਪੇ ''ਤੇ ਪੁਲਸ ਤਾਇਨਾਤ
Wednesday, Nov 04, 2020 - 12:16 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਚੋਣਾਂ ਦਾ ਮਾਹੌਲ ਹੋਣ ਕਰਕੇ ਲੋਕਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ਪਰ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧੀ ਹੋਈ ਹੈ। ਬੇਚੈਨੀ ਅਤੇ ਚਿੰਤਾਵਾਂ ਕਾਰਨ ਦੇਸ਼ ਭਰ ਵਿਚ ਸੁਰੱਖਿਆ ਸਖ਼ਤ ਕੀਤੀ ਗਈ ਹੈ। ਸੋਮਵਾਰ ਨੂੰ ਵ੍ਹਾਈਟ ਹਾਊਸ ਕੰਪਲੈਕਸ ਨੂੰ ਕਿਸੇ ਤਰ੍ਹਾਂ ਦੀ ਹਿੰਸਕ ਗਤੀਵਿਧੀ ਤੋਂ ਬਚਾਉਣ ਲਈ ਇਸ ਦੇ ਆਲੇ-ਦੁਆਲੇ ਨਵੀਂ ਸਟੀਲ ਦੀ ਵਾੜ ਕੀਤੀ ਗਈ ਹੈ ਜਦਕਿ ਨਿਊਯਾਰਕ ਸਿਟੀ ਪੁਲਸ ਵਿਭਾਗ ਨੇ ਸਾਵਧਾਨੀ ਦੇ ਤੌਰ 'ਤੇ ਉਥੇ ਸਟੋਰ ਅਤੇ ਆਲੇ-ਦੁਆਲੇ ਦੇ ਕਾਰੋਬਾਰਾਂ ਨੂੰ ਅਲਰਟ 'ਤੇ ਪਾ ਦਿੱਤਾ। ਚੋਣਾਂ ਕਾਰਨ ਰਾਜਨੀਤਿਕ ਤਣਾਅ ਵੀ ਵੱਧ ਰਿਹਾ ਹੈ। ਇੰਨਾ ਹੀ ਨਹੀਂ ਕੁੱਝ ਕੁ ਸ਼ਰਾਰਤੀ ਅਨਸਰਾਂ ਨੇ ਹਿੰਸਕ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ। ਹਿਊਸਟਨ ਵਿਚ, ਬਦਮਾਸ਼ਾਂ ਨੇ ਕਾਉਂਟੀ ਦੇ ਡੈਮੋਕ੍ਰੇਟਿਕ ਪਾਰਟੀ ਦੇ ਮੁੱਖ ਦਫਤਰ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੇ ਖਿੜਕੀਆਂ 'ਤੇ "ਚੋਣਾਂ ਨਹੀਂ .. ਇਨਕਲਾਬ " ਦੇ ਸ਼ਬਦਾਂ ਨਾਲ ਸਪਰੇਅ ਕੀਤੀ।
ਇਸ ਦੇ ਇਲਾਵਾ ਬੇਵਰਲੀ ਹਿੱਲਜ਼ ਵਿਚ ਪ੍ਰਦਰਸ਼ਨਕਾਰੀ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਧੱਕਾ-ਮੁੱਕੀ ਵੀ ਹੋਏ। ਬੇਵਰਲੀ ਹਿਲਜ਼ ਦੇ ਪੁਲਸ ਮੁਖੀ ਨੇ ਚੋਣ ਪ੍ਰਤੀ ਹਿੰਸਾ ਬਾਰੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਸ਼ਾਂਤੀ ਬਣਾਈ ਰੱਖਣ ਲਈ ਬਿਨਾਂ ਕਿਸੇ ਛੁੱਟੀ ਦੇ 12 ਘੰਟੇ ਦੀ ਸ਼ਿਫਟ ਵਿਚ ਕੰਮ ਕਰ ਰਹੇ ਹਨ। ਕੁੱਝ ਹਫਤਿਆਂ ਪਹਿਲਾਂ ਐੱਫ. ਬੀ. ਆਈ. ਨੇ ਮਿਲੀਸ਼ੀਆ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਥਿਤ ਤੌਰ ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ। ਇੰਨਾ ਹੀ ਨਹੀਂ ਮੰਗਲਵਾਰ ਤੋਂ, ਅਧਿਕਾਰੀ ਐਫ ਬੀ ਆਈ ਹੈੱਡਕੁਆਰਟਰ ਦੇ ਕਮਾਂਡ ਸੈਂਟਰ ਤੋਂ ਦੇਸ਼ ਭਰ ਦੇ ਸਮਾਗਮਾਂ ਦੀ ਨਿਗਰਾਨੀ ਵੀ ਕਰ ਰਹੇ ਹਨ। ਸੁਰੱਖਿਆ ਮਾਮਲਿਆਂ ਵਿੱਚ ਵਾਸ਼ਿੰਗਟਨ ਡੀ.ਸੀ., ਵੱਲ ਵਧੇਰੇ ਧਿਆਨ ਹੋਣ ਦੀ ਸੰਭਾਵਨਾ ਹੈ। ਸ਼ਹਿਰ ਦੇ ਹੋਮਲੈਂਡ ਸੁਰੱਖਿਆ ਅਧਿਕਾਰੀ ਅਗਲੇ ਕਈ ਦਿਨਾਂ ਵਿੱਚ ਅੱਧੀ ਦਰਜਨ ਦੇ ਕਰੀਬ ਹੋ ਰਹੇ ਪ੍ਰਦਰਸ਼ਨਾਂ ਨੂੰ ਵੀ ਰੋਕ ਰਹੇ ਹਨ। ਡੀ .ਸੀ. ਵਿਚ ਹੋਮਲੈਂਡ ਸਿਕਿਓਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਡਾ. ਕ੍ਰਿਸਟੋਫਰ ਰੌਡਰਿਗੁਜ਼ ਅਨੁਸਾਰ ਜ਼ਿਲ੍ਹੇ ਵਿਚ ਹਿੰਸਾ ,ਸ਼ਰਾਰਤ ਜਾਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।