ਟਰੰਪ ਦੀ WHO ਨੂੰ ਧਮਕੀ-''30 ਦਿਨ ਦੇ ਅੰਦਰ ਨਾ ਕੀਤਾ ਠੋਸ ਸੁਧਾਰ ਤਾਂ ਰੋਕਾਂਗੇ ਫੰਡਿੰਗ''

Tuesday, May 19, 2020 - 05:56 PM (IST)

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ 'ਤੇ ਨਿਸ਼ਾਨਾ ਵ੍ਹਿੰਨ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਗਠਨ ਦੀ ਸਮਰੱਥਾ ਅਤੇ ਭਰੋਸੇਯੋਗਤਾ 'ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਵੱਲੋਂ ਦਿਤੀ ਜਾਣ ਵਾਲੀ ਫੰਡਿੰਗ ਨੂੰ ਰੋਕਣ ਦੀ ਗੱਲ ਕਹੀ ਸੀ ਪਰ ਹੁਣ ਉਹਨਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਗੇਬ੍ਰੀਸਸ ਨੂੰ ਇਕ ਚਿੱਠੀ ਲਿਖ ਕੇ ਸਾਫ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ 30 ਦਿਨਾਂ ਦੇ ਅੰਦਰ ਕੋਈ ਠੋਸ ਸੁਧਾਰ ਨਹੀਂ ਕਰਦਾ ਹੈ ਤਾਂ ਉਹ ਅਮਰੀਕਾ ਵੱਲੋਂ ਉਹਨਾਂ ਨੂੰ ਦਿੱਤੀ ਜਾਣ ਵਾਲੀ ਫੰਡਿੰਗ ਨੂੰ ਹਮੇਸ਼ਾ ਦੇ ਲਈ ਰੋਕ ਦੇਣਗੇ। 

ਫਿਲਹਾਲ ਅਮਰੀਕਾ ਨੇ ਫੰਡਿੰਗ ਨੂੰ ਅਸਥਾਈ ਰੂਪ ਨਾਲ ਫ੍ਰੀਜ਼ ਕੀਤਾ ਹੋਇਆ ਹੈ। ਟਰੰਪ ਨੇ ਕਿਹਾ ਕਿ ਜੇਕਰ 30 ਦਿਨਾਂ ਦੇ ਅੰਦਰ ਕੁਝ ਠੋਸ ਸੁਧਾਰ ਨਹੀਂ ਹੋਇਆ ਤਾਂ ਉਹ ਵਿਸ਼ਵ ਸਿਹਤ ਸੰਗਠਨ ਦੀ ਮੈਂਬਰਸ਼ਿਪ 'ਤੇ ਵੀ ਮੁੜ ਵਿਚਾਰ ਕਰ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੂੰ ਲਿਖੀ ਇਸ ਚਿੱਠੀ ਨੂੰ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। 

 

ਪੜ੍ਹੋ ਇਹ ਅਹਿਮ ਖਬਰ- WHO ਚੀਨ ਦੇ ਹੱਥ ਦੀ ਕਠਪੁਤਲੀ ਹੈ : ਟਰੰਪ

ਇੱਥੇ ਦੱਸ ਦਈਏ ਕਿ ਪਿਛਲੇ ਮਹੀਨੇ ਟਰੰਪ ਨੇ ਕੋਵਿਡ-19 ਦੀ ਰੋਕਥਾਮ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਕੰਮ ਦੀ ਸਮੀਖਿਆ ਕਰਨ ਦੀ ਗੱਲ ਕਹੀ ਸੀ ਅਤੇ ਫੰਡਿੰਗ ਰੋਕ ਦਿੱਤੀ ਸੀ। ਟਰੰਪ ਦੀ ਇਸ ਕਾਰਵਾਈ ਦੇ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਸੀਂ ਹਾਲੇ ਵੀ ਇਸ ਮਹਾਮਾਰੀ ਦੇ ਗੰਭੀਰ ਸੰਕਟ ਨਾਲ ਲੜ ਰਹੇ ਹਾਂ। ਲਿਹਾਜਾ ਫੰਡਿੰਗ ਰੋਕਣ ਦਾ ਇਹ ਸਹੀ ਸਮਾਂ ਨਹੀਂ। ਭਾਵੇਂਕਿ ਹਾਲੇ ਇਹ ਸਾਫ ਨਹੀਂ ਹੈ ਕੀ ਟਰੰਪ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕਣ ਲਈ ਕਾਂਗਰਸ ਦੀ ਸਹਿਮਤੀ ਹਾਸਲ ਕਰ ਸਕੇ ਹਨ ਜਾਂ ਨਹੀਂ। ਇੱਥੇ ਦੱਸ ਦਈਏ ਕਿ ਕਾਂਗਰਸ ਦੀ ਸਹਿਮਤੀ ਦੇ ਬਿਨਾਂ ਟਰੰਪ ਅਜਿਹਾ ਨਹੀਂ ਕਰ ਸਕਦੇ। ਗੌਰਤਲਬ ਹੈ ਕਿ ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 759 ਲੋਕਾਂ ਦੀ ਮੌਤ ਹੋਈ ਹੈ। ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 91 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇਸ ਦੇ ਇਲਾਵਾ ਪੀੜਤਾਂ ਦੀ ਗਿਣਤੀ 1,550,294 ਹੈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਖੁਲਾਸਾ, ਕਿਹਾ-'ਮੈਂ ਖੁਦ ਲੈ ਰਿਹਾ ਹਾਂ ਹਾਈਡ੍ਰੋਕਸੀਕਲੋਰੋਕਵਿਨ'


Vandana

Content Editor

Related News