ਚਿੰਤਾਜਨਕ! ਅਮਰੀਕਾ ’ਚ ਕੋਵਿਡ-19 ਦੇ ਰੋਜ਼ਾਨਾ ਆ ਰਹੇ ਹਨ 1 ਲੱਖ ਮਾਮਲੇ

Saturday, Aug 07, 2021 - 02:17 PM (IST)

ਚਿੰਤਾਜਨਕ! ਅਮਰੀਕਾ ’ਚ ਕੋਵਿਡ-19 ਦੇ ਰੋਜ਼ਾਨਾ ਆ ਰਹੇ ਹਨ 1 ਲੱਖ ਮਾਮਲੇ

ਬਾਲਟੀਮੋਰ (ਭਾਸ਼ਾ) : ਅਮਰੀਕਾ ਵਿਚ ਹਰ ਦਿਨ ਕੋਵਿਡ-19 ਦੇ ਔਸਤਨ 1 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਸਰਦੀਆਂ ਵਿਚ ਸਿਖ਼ਰ ’ਤੇ ਪੁੱਜੇ ਮਾਮਲਿਆਂ ਤੋਂ ਜ਼ਿਆਦਾ ਹਨ। ਇਹ ਦਰਸਾਉਂਦਾ ਹੈ ਕਿ ਵਾਇਰਸ ਦਾ ਡੈਲਟਾ ਵੈਰੀਐਂਟ ਕਿੰਨੀ ਤੇਜ਼ੀ ਨਾਲ ਦੇਸ਼ ਭਰ ਵਿਚ ਫੈਲ ਰਿਹਾ ਹੈ। ਦੇਸ਼ ਵਿਚ ਜੂਨ ਦੇ ਆਖ਼ੀਰ ਤੋਂ ਹੀ ਹਰ ਦਿਨ ਔਸਤਨ 11,000 ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇਹ ਸੰਖਿਆ 1,07,143 ਹੋ ਗਈ ਹੈ। ਅਮਰੀਕਾ ਨੂੰ 1,00,000 ਔਸਤ ਮਾਮਲਿਆਂ ਦਾ ਅੰਕੜਾ ਪਾਰ ਕਰਨ ਵਿਚ ਕਰੀਬ 9 ਮਹੀਨੇ ਲੱਗੇ। ਜਨਵਰੀ ਦੀ ਸ਼ੁਰੂਆਤ ਤੱਕ ਮਾਮਲੇ ਕਰੀਬ 2,50,000 ’ਤੇ ਪਹੁੰਚ ਗਏ ਸਨ। 70 ਫ਼ੀਸਦੀ ਤੋਂ ਜ਼ਿਆਦਾ ਬਾਲਗ ਆਬਾਦੀ ਦੇ ਟੀਕਾਕਰਨ ਦੇ ਬਾਵਜੂਦ ਮਾਮਲੇ ਵਧੇ ਹਨ। ਇਹ ਵਾਇਰਸ ਉਨ੍ਹਾਂ ਲੋਕਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਮੁੜ ਸਥਾਪਿਤ ਕੀਤਾ ਗਿਆ ਨਿਸ਼ਾਨ ਸਾਹਿਬ

ਦੱਖਣੀ ਅਮਰੀਕਾ ਵਿਚ ਫਲੋਰਿਡਾ, ਲੁਸੀਆਨਾ ਅਤੇ ਮਿਸੀਸਿਪੀ ਵਿਚ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਰੋਚੇਲੇ ਵਾਲੇਨਸਕੀ ਨੇ ਇਸ ਹਫ਼ਤੇ ਕਿਹਾ, ‘ਸਾਡੇ ਮਾਡਲ ਦੱਸਦੇ ਹਨ ਕਿ ਜੇਕਰ ਅਸੀਂ ਲੋਕਾਂ ਨੂੰ ਟੀਕਾ ਨਹੀਂ ਲਗਾਉਂਦੇ ਹਾਂ ਤਾਂ ਇਕ ਦਿਨ ਵਿਚ ਕਈ ਸੈਂਕੜੇ ਹਜ਼ਾਰ ਤੱਕ ਮਾਮਲੇ ਸਾਹਮਣੇ ਆ ਸਕਦੇ ਹਨ, ਜੋ ਜਨਵਰੀ ਵਿਚ ਸਿਖ਼ਰ ’ਤੇ ਪਹੁੰਚੇ ਮਾਮਲਿਆਂ ਦੇ ਬਰਾਬਰ ਹਨ।’ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਜ਼ਿਆਦਾ ਵੱਧ ਗਈ ਹੈ ਅਤੇ ਮਰੀਜ਼ਾਂ ਲਈ ਕਈ ਹਸਪਤਾਲਾਂ ਵਿਚ ਬੈੱਡ ਮਿਲਣਾ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਦੇ ਇਨ੍ਹਾਂ ਸ਼ਹਿਰਾਂ ਤੋਂ UAE ਲਈ ਉਡਾਣਾਂ

ਹਿਊਸਟਨ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਦੀ ਨਵੀਂ ਲਹਿਰ ਨਾਲ ਸਥਾਨਕ ਸਿਹਤ ਦੇਖ਼ਭਾਲ ਵਿਵਸਥਾ ਲੱਗਭਗ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਕੁੱਝ ਮਰੀਜ਼ਾਂ ਨੂੰ ਸ਼ਹਿਰ ਦੇ ਬਾਹਰ ਦੇ ਹਸਪਤਾਲਾਂ ਵਿਚ ਭਰਤੀ ਕਰਾਉਣਾ ਪਿਆ ਹੈ। ਹਿਊਸਟਨ ਸਿਹਤ ਵਿਭਾਗ ਅਤੇ ਈ.ਐੱਮ.ਐੱਸ. ਮੈਡੀਕਲ ਡਾਇਰੈਕਟਰ ਡਾ. ਡੈਵਿਡ ਪਰਸੇ ਨੇ ਕਿਹਾ ਕਿ ਕੁੱਝ ਐਂਬੂਲੈਂਸ ਹਿਊਸਟਨ ਇਲਾਕੇ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਉਤਾਰਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਦੀਆਂ ਰਹੀਆਂ, ਕਿਉਂਕਿ ਕੋਈ ਬੈੱਡ ਉਪਲਬੱਧ ਨਹੀਂ ਸੀ। ਮਿਸੌਰੀ ਦੇ ਗਵਰਨਰ ਮਾਈਕ ਪਾਰਸਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜੇਕਰ ਆਸ-ਪਾਸ ਦੇ ਹਸਪਤਾਲ ਭਰ ਜਾਂਦੇ ਹਨ ਤਾਂ ਕੋਵਿਡ-19 ਮਰੀਜ਼ਾਂ ਨੂੰ ਹੋਰ ਖੇਤਰਾਂ ਵਿਚ ਲਿਜਾਣ ਲਈ ਸੂਬੇ ਭਰ ਵਿਚ 30 ਐਂਬੂਲੈਂਸ ਅਤੇ 60 ਤੋਂ ਜ਼ਿਆਦਾ ਮੈਡੀਕਲ ਕਰਮੀਆਂ ਨੂੰ ਤਾਇਨਾਤ ਕੀਤਾ ਜਾਏਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News