ਫਲੋਰਿਡਾ ''ਚ ਸਾਹਮਣੇ ਆਇਆ ਕੋਰੋਨਾ ਦੇ ਨਵੇਂ ਰੂਪ ਦਾ ਤੀਜਾ ਮਾਮਲਾ

01/02/2021 7:58:44 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਦਾ ਇਕ ਨਵਾ ਰੂਪ ਜੋ ਕਿ ਸਿਹਤ ਮਾਹਿਰਾਂ ਅਨੁਸਾਰ ਜ਼ਿਆਦਾ ਤੇਜ਼ੀ ਨਾਲ ਲੋਕਾਂ ਵਿਚ ਫੈਲਦਾ ਹੈ, ਸਭ ਤੋਂ ਪਹਿਲਾਂ ਯੂ. ਕੇ. ਵਿਚ ਸਾਹਮਣੇ ਆਇਆ ਸੀ। ਸੰਯੁਕਤ ਰਾਜ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ । ਕੋਰੋਨਾ ਦੇ ਨਵੇਂ ਸਟ੍ਰੇਨ ਦੇ ਤੀਜੇ ਮਾਮਲੇ ਦੀ ਅਮਰੀਕੀ ਸੂਬੇ ਫਲੋਰਿਡਾ ਦੇ ਸਿਹਤ ਵਿਭਾਗ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ।

ਇਸ ਸੰਬੰਧੀ ਫਲੋਰਿਡਾ ਦੇ ਸਿਹਤ ਵਿਭਾਗ ਨੇ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਵਿਡ-19 ਵੇਰੀਐਂਟ ਫਲੋਰਿਡਾ ਦੀ ਮਾਰਟਿਨ ਕਾਉਂਟੀ ਦੇ ਇਕ 20 ਸਾਲਾ ਆਦਮੀ ਵਿਚ ਮਿਲਿਆ ਹੈ, ਜਿਸਦੀ ਜਾਂਚ ਤੋਂ ਪਹਿਲਾਂ ਕੋਈ ਯਾਤਰਾ ਦੀ ਹਿਸਟਰੀ ਨਹੀਂ ਸੀ।

ਫਲੋਰਿਡਾ ਵਿਚ ਇਹ ਇਸ ਕਿਸਮ ਦੇ ਵਾਇਰਸ ਦਾ ਤੀਜਾ ਮਾਮਲਾ ਹੈ ਜਦਕਿ ਇਸ ਵਾਇਰਸ ਪਰਿਵਰਤਨ ਦੇ ਦੋ ਹੋਰ ਮਾਮਲੇ ਇਸ ਹਫਤੇ ਦੇ ਸ਼ੁਰੂ ਵਿਚ ਸੰਯੁਕਤ ਰਾਜ ਅਮਰੀਕਾ ਦੇ ਕੋਲੋਰਾਡੋ ਅਤੇ  ਕੈਲੀਫੋਰਨੀਆ ਵਿਚ ਸਾਹਮਣੇ ਆਏ ਸਨ। ਇਸ ਵਾਇਰਸ ਦੇ ਬਾਰੇ ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਪਿਛਲੇ ਵਾਇਰਸ ਨਾਲੋਂ 70 ਫ਼ੀਸਦੀ ਵਧੇਰੇ ਫੈਲਣ ਵਾਲਾ ਹੋ ਸਕਦਾ ਹੈ ਜਦਕਿ ਡਾ. ਐਂਥਨੀ ਫੌਸ਼ੀ ਨੇ ਵੀ ਇਸ ਸਟ੍ਰੇਨ ਦੀ ਦੂਜੇ ਸੂਬਿਆਂ ਵਿਚ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਹੈ।


 


Lalita Mam

Content Editor

Related News