ਜਨਤਕ ਤੌਰ 'ਤੇ ਸ਼ਰਾਬ ਪੀਣ ਕਾਰਨ ਪੇਰੂ ਦੇ ਸਾਬਕਾ ਰਾਸ਼ਟਰਪਤੀ ਗ੍ਰਿਫਤਾਰ
Tuesday, Mar 19, 2019 - 09:48 AM (IST)
ਵਾਸ਼ਿੰਗਟਨ (ਭਾਸ਼ਾ)— ਪੇਰੂ ਦੇ ਸਾਬਕਾ ਰਾਸ਼ਟਰਪਤੀ ਅਲੇਜੈਂਡਰੋ ਟੋਲੇਡੋ ਨੂੰ ਕੈਲੀਫੋਰਨੀਆ ਵਿਚ ਜਨਤਕ ਰੂਪ ਨਾਲ ਸ਼ਰਾਬ ਪੀਣ ਦੇ ਸ਼ੱਕ ਵਿਚ ਗ੍ਰਿਫਤਾਰ ਕਰ ਲਿਆ ਗਿਆ। ਭਾਵੇਂਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਕ ਰਾਤ ਜੇਲ ਵਿਚ ਰੱਖਣ ਦੇ ਬਾਅਦ ਸੋਮਵਾਰ ਸਵੇਰੇ ਰਿਹਾਅ ਕਰ ਦਿੱਤਾ। ਟੋਲੇਡੋ ਆਪਣੇ ਦੇਸ਼ ਵਿਚ ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਮਾਮਲੇ ਵਿਚ ਲੋੜੀਂਦੇ ਹਨ।
ਸੈਨ ਮੈਟਿਓ ਕਾਊਂਟੀ ਸ਼ੇਰਿਫ ਦਫਤਰ ਦੀ ਬੁਲਾਰਨ ਰੋਜ਼ਮੇਰੀ ਬਲੈਂਕਸਵੇਡ ਨੇ ਸੋਮਵਾਰ ਨੂੰ ਕਿਹਾ ਕਿ 72 ਸਾਲਾ ਟੋਲੇਡੋ ਨੂੰ ਐਤਵਾਰ ਰਾਤ ਮੈਨਲੋ ਪਾਰਕ ਸ਼ਹਿਰ ਦੇ ਸਾਨ ਫ੍ਰਾਂਸਿਸਕੋ ਬੇਅ ਖੇਤਰ ਨੇੜੇ ਇਕ ਰੈਸਟੋਰੈਂਟ ਵਿਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਟੋਲੇਡੋ ਨੂੰ ਸੋਮਵਾਰ ਦੀ ਸਵੇਰ ਕੋਈ ਦੋਸ਼ ਤੈਅ ਕੀਤੇ ਬਿਨਾਂ ਰਿਹਾਅ ਕਰ ਦਿੱਤਾ ਗਿਆ। ਟੋਲੇਡੋ ਸਾਲ 2001 ਤੋਂ 2006 ਤੱਕ ਪੇਰੂ ਦੇ ਰਾਸ਼ਟਰਪਤੀ ਸਨ। ਸਾਨ ਫ੍ਰਾਂਸਿਸਕੋ ਕ੍ਰੋਨੀਕਲ ਮੁਤਾਬਕ ਕਾਰਜਕਾਲ ਪੂਰਾ ਹੋਣ ਦੇ ਬਾਅਦ ਉਹ ਸਟੈਨਫੋਰਡ ਯੂਨੀਵਰਸਿਟੀ ਵਿਚ ਅਧਿਐਨ ਲਈ ਉੱਤਰੀ ਕੈਲੀਫੋਰਨੀਆ ਆ ਗਏ ਸਨ।
ਟੋਲੇਡੋ ਆਪਣੇ ਦੇਸ਼ ਪੇਰੂ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਲੋੜੀਂਦੇ ਹਨ। ਪੇਰੂ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ 30 ਹਜ਼ਾਰ ਡਾਲਰ ਦਾ ਪੁਰਸਕਾਰ ਐਲਾਨਿਆ ਹੋਇਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਰਾਸ਼ਟਰਪਤੀ ਦੇ ਰੂਪ ਵਿਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਬ੍ਰਾਜ਼ੀਲ ਦੀ ਨਿਰਮਾਣ ਕੰਪਨੀ ਓਡੇਬ੍ਰੇਚਟ ਤੋਂ 2 ਕਰੋੜ ਡਾਲਰ ਦੀ ਰਾਸ਼ੀ ਲਈ ਸੀ। ਭਾਵੇਂਕਿ ਉਹ ਕਹਿੰਦੇ ਰਹੇ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ।