ਅਮਰੀਕਾ: ਟਰੱਕ ਡਰਾਈਵਰ ਨੂੰ 5 ਲੋਕਾਂ ਦੀ ਜਾਨ ਲੈਣ ਦੇ ਦੋਸ਼ ''ਚ ਹੋਈ 16 ਸਾਲ ਦੀ ਕੈਦ
Saturday, Jun 12, 2021 - 10:03 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿਚ ਐਰੀਜ਼ੋਨਾ ਦੇ ਇਕ ਟਰੱਕ ਡਰਾਈਵਰ ਨੂੰ 5 ਲੋਕਾਂ ਦੀ ਮੌਤ ਦੇ ਮਾਮਲੇ 'ਚ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਪਿਛਲੇ ਸਾਲ ਦਸੰਬਰ 'ਚ ਨੇਵਾਡਾ ਹਾਈਵੇ 'ਤੇ ਟਰੱਕ ਡਰਾਈਵਰ ਜਾਰਡਨ ਐਲਗਜ਼ੈਡਰ ਬਾਰਸਨ ਵੱਲੋਂ ਨਸ਼ੇ ਦੀ ਹਾਲਤ 'ਚ ਕੁੱਝ ਸਾਈਕਲ ਸਵਾਰਾਂ ਨੂੰ ਦਰੜ ਦਿੱਤਾ ਗਿਆ ਸੀ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖ਼ਮੀ ਹੋ ਗਏ ਸਨ।
ਲਾਸ ਵੇਗਸ ਵਿਚ 2 ਦਿਨਾਂ ਦੀ ਸੁਣਵਾਈ ਦੇ ਪਹਿਲੇ ਦਿਨ ਮੰਗਲਵਾਰ ਨੂੰ ਕਲਾਰਕ ਕਾਉਂਟੀ ਡਿਟੈਂਸਨ ਕੇਂਦਰ ਤੋਂ ਵੀਡੀਓ ਰਾਹੀਂ ਗੱਲਬਾਤ ਕਰਨ ਦੌਰਾਨ ਐਰੀਜ਼ੋਨਾ ਦੇ ਕਿੰਗਮੈਨ ਨਾਲ ਸਬੰਧਤ 45 ਸਾਲਾ ਟਰੱਕ ਡਰਾਈਵਰ ਜਾਰਡਨ ਐਲਗਜ਼ੈਡਰ ਬਾਰਸਨ ਨੇ ਮੁਆਫੀ ਮੰਗੀ। ਬਾਰਸਨ ਨੇ ਅਦਾਲਤ ਨੂੰ ਕਿਹਾ ਕਿ ਉਸ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਕਲਾਰਕ ਕਾਉਂਟੀ ਦੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਬਾਰਸਨ ਦਾ ਪਛਤਾਵਾ ਸਵੀਕਾਰ ਕੀਤਾ ਪਰ ਨਾਲ ਹੀ ਨਸ਼ੇ ਹਾਲਤ 'ਚ ਡਰਾਈਵਿੰਗ ਕਰਨ ਦੇ 2 ਦੋਸ਼ਾਂ ਵਿਚ ਕਈ ਜਾਨਾਂ ਲੈਣ ਲਈ ਸਜ਼ਾ ਵੀ ਦਿੱਤੀ।
ਇਸ ਦਰਦਨਾਕ ਹਾਦਸੇ ਵਿਚ ਲਾਸ ਵੇਗਸ ਦੇ 39 ਸਾਲਾ ਏਰਿਨ ਮਿਸ਼ੇਲ ਰੇ, ਗੇਰਾਰਡ ਸੁਆਰੇਜ਼ ਨੀਵਾ (41), ਮਾਈਕਲ ਟੌਡ ਮਰੇ (57), ਅਕਸੋ ਅਹਮੇਟ (48) ਅਤੇ ਥਾਮਸ ਚੈਂਬਰਲਿਨ ਟਰੂਗਰ (57) ਨੇ ਆਪਣੀ ਜਾਨ ਗਵਾਈ ਸੀ, ਜਦਕਿ ਸਾਈਕਲ ਸਵਾਰ ਜੋਸ ਵਾਸਕੁਜ਼ ਅਤੇ ਜੇਰੋਮ ਡੁਕਰੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਇਸ ਕੈਦ ਦੀ ਸਜ਼ਾ ਦੇ ਨਾਲ ਜੱਜ ਨੇ ਬਾਰਸਨ ਨੂੰ ਪੀੜਤਾਂ ਨੂੰ ਤਕਰੀਬਨ 60,000 ਡਾਲਰ ਮੁਆਵਜ਼ਾ ਦੇਣ ਦਾ ਆਦੇਸ਼ ਵੀ ਦਿੱਤਾ ਹੈ। ਵਕੀਲਾਂ ਅਨੁਸਾਰ ਹਾਦਸੇ ਉਪਰੰਤ ਡਰਾਈਵਰ ਦੇ ਖੂਨ ਦੀਆਂ ਜਾਂਚਾਂ ਵਿਚ ਨੌਂ ਗੁਣਾ ਜ਼ਿਆਦਾ ਮੈਥਾਮਫੇਟਾਮਾਈਨ ਨਸ਼ੀਲਾ ਪਦਾਰਥ ਪਾਇਆ ਗਿਆ ਸੀ।