ਅਮਰੀਕਾ : ਕੈਲੀਫੋਰਨੀਆ ਦੇ ਹਾਈਵੇਅ 180 ’ਤੇ ਭਿਆਨਕ ਸੜਕ ਹਾਦਸਾ, ਕਈ ਜ਼ਖ਼ਮੀ

Monday, Apr 12, 2021 - 11:40 AM (IST)

ਅਮਰੀਕਾ : ਕੈਲੀਫੋਰਨੀਆ ਦੇ ਹਾਈਵੇਅ 180 ’ਤੇ ਭਿਆਨਕ ਸੜਕ ਹਾਦਸਾ, ਕਈ ਜ਼ਖ਼ਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸੂਬੇ ’ਚ ਸੜਕ ਹਾਦਸਿਆਂ ਕਾਰਨ ਹੁੰਦੀਆਂ ਮੌਤਾਂ ’ਚ ਸ਼ਨੀਵਾਰ ਨੂੰ ਇੱਕ ਹੋਰ ਮੌਤ ਦਾ ਵਾਧਾ ਹੋ ਗਿਆ। ਸੂਬੇ ਦੀ ਫਰਿਜ਼ਨੋ ਕਾਊਂਟੀ ਦੇ ਹਾਈਵੇਅ 180 ’ਤੇ ਸ਼ਨੀਵਾਰ ਦੁਪਹਿਰ ਤਿੰਨ ਵਾਹਨਾਂ ਦੇ ਆਪਸ ’ਚ ਟਕਰਾਉਣ ਕਰਕੇ ਇੱਕ ਔਰਤ ਦੀ ਮੌਤ ਹੋ ਗਈ, ਜਦਕਿ 2 ਹੋਰ ਵਿਅਕਤੀਆਂ ਨੂੰ ਭਾਰੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਬਾਰੇ ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ. ਐੱਚ. ਪੀ.) ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਦੇ ਤਕਰੀਬਨ 4:45 ਵਜੇ ਜੀ. ਐੱਮ. ਸੀ. ਯੂਕੋਨ ਕਾਰ ’ਚ ਇੱਕ ਵਿਅਕਤੀ ਡੇਵੋਲਫ ਐਵੇਨਿਊ ਨੇੜੇ ਹਾਈਵੇਅ 180 ’ਤੇ ਪੂਰਬ ਵੱਲ ਜਾ ਰਿਹਾ ਸੀ, ਜਿਸ ਦੌਰਾਨ ਗੱਡੀ ਦਾ ਸੱਜਾ ਰੀਅਰ ਟਾਇਰ ਫਟ ਗਿਆ ਅਤੇ ਕਾਰ ਬੇਕਾਬੂ ਹੋ ਕੇ ਇੱਕ ਔਡੀ ਐੱਸ. ਯੂ. ਵੀ. ਦੇ ਨਾਲ-ਨਾਲ ਇੱਕ ਫੋਰਡ ਫੋਕਸ ਨਾਲ ਟਕਰਾ ਗਿਆ ।
ਇਸ ਭਿਆਨਕ ਹਾਦਸੇ ’ਚ ਔਡੀ ਚਲਾ ਰਹੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਯੂਕੋਨ ਵਿਚਲੇ ਵਿਅਕਤੀ ਅਤੇ ਫੋਕਸ ਚਲਾ ਰਹੇ ਵਿਅਕਤੀ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਫਰਿਜ਼ਨੋ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ। ਸੀ. ਐੱਚ. ਪੀ. ਅਨੁਸਾਰ ਇਸ ਟੱਕਰ ’ਚ ਕੋਈ ਹੋਰ ਲੋਕ ਜਾਂ ਵਾਹਨ ਸ਼ਾਮਿਲ ਨਹੀਂ ਸਨ ਅਤੇ ਮੁੱਢਲੀ ਜਾਂਚ ਅਨੁਸਾਰ ਨਾ ਤਾਂ ਸ਼ਰਾਬ ਤੇ ਨਾ ਕੋਈ ਹੋਰ ਨਸ਼ਾ ਹਾਦਸੇ ਦਾ ਕਾਰਨ ਸੀ।


author

Anuradha

Content Editor

Related News