ਅਮਰੀਕਾ ਨੇ ਵਧਾਈ ਚੀਨ ਦੀ ਚਿੰਤਾ, ਭਾਰਤ, ਆਸਟ੍ਰੇਲੀਆ ਤੇ ਜਾਪਾਨ ਨਾਲ ਕੀਤਾ ''QUAD'' ਅਭਿਆਸ
Wednesday, Jul 22, 2020 - 06:45 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਦੀ ਨੱਕ ਵਿਚ ਦਮ ਕਰਨ ਵਾਲੇ ਦੇਸ਼ ਚੀਨ 'ਤੇ ਹੁਣ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਲਗਾਤਾਰ ਉਕਸਾਵੇ ਦੀ ਕਾਰਵਾਈ ਦਾ ਜਵਾਬ ਦੇਣ ਦੇ ਲਈ ਇਕ ਵੱਡਾ ਗਲੋਬਲ ਗੁੱਟ ਤਿਆਰ ਕਰਨ ਦੀ ਯੋਜਨਾ ਬਣ ਰਹੀ ਹੈ, ਉੱਥੇ ਉਸ ਨੂੰ ਉਸ ਦੇ ਘਰ ਵਿਚ ਹੀ ਘੇਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਅਮਰੀਕਾ ਲਗਾਤਾਰ ਆਪਣੇ ਸਹਿਯੋਗੀ ਦੇਸ਼ ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਦੇ ਨਾਲ ਇਕ ਪਾਸੇ ਜਿੱਥੇ ਸੰਯੁਕਤ ਨੇਵੀ ਅਭਿਆਸ ਕਰ ਰਿਹਾ ਹੈ ਉੱਥੇ ਬੀਜਿੰਗ ਨੂੰ ਸਖਤ ਚੇਤਾਵਨੀ ਵੀ ਦੇ ਰਿਹਾ ਹੈ। ਅਮਰੀਕਾ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਵਿਰੁੱਧ ਸਾਹਮਣੇ ਆਇਆ ਹੈ ਅਤੇ ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਨਾਲ ਆਪਣੀ ਹਿੱਸੇਦਾਰੀ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਲੜਾਕੂ ਚੀਨ ਨਾਲ ਹਿੰਦ ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਰੱਖ ਸਕੇ।
ਭਾਰਤ ਹੋਵੇਗਾ ਅਮਰੀਕਾ ਦਾ ਪ੍ਰਧਾਨ ਸਹਿਯੋਗੀ
ਦੋ ਸੰਯੁਕਤ ਅਭਿਆਸ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਹਿੰਦ ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਰੱਖਣ ਵਿਚ ਅਮਰੀਕਾ ਦਾ ਪ੍ਰਧਾਨ ਸਹਿਯੋਗੀ ਹੋਵੇਗਾ ਜਦਕਿ ਜਾਪਾਨ ਅਤੇ ਆਸਟ੍ਰੇਲੀਆ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਅੰਡਮਾਨ ਦੀ ਖਾੜੀ ਵਿਚ ਦੋ ਦਿਨਾਂ ਦੇ ਸੰਯੁਕਤ ਅਭਿਆਸ ਵਿਚ ਅਮਰੀਕੀ ਸੁਪਰਕਰੀਅਰ ਯੂ.ਐੱਸ.ਐੱਸ. ਨਿਮਿਤਜ ਦੇ ਨਾਲ ਭਾਰਤ ਦੇ ਚਾਰ ਜਲ ਸੈਨਾ ਦੇ ਜਹਾਜ਼ਾਂ ਨੇ ਹਿੱਸਾ ਲਿਆ।ਉੱਥੇ ਇਕ ਹੋਰ ਸੁਪਰਕਰੀਅਰ ਯੂ.ਐੱਸ.ਐੱਸ. ਰੋਨਾਲਡਰੀਗਨ ਨੇ 4 ਹਜ਼ਾਰ ਕਿਲੋਮੀਟਰ ਦੂਰ ਵਿਵਾਦਮਈ ਦੱਖਣ ਚੀਨ ਸਾਗਰ ਦੇ ਸਾਹਮਣੇ ਆਸਟ੍ਰੇਲੀਆ ਅਤੇ ਜਾਪਾਨ ਦੇ ਨਾਲ ਇਸੇ ਤਰ੍ਹਾਂ ਦਾ ਸੰਯੁਕਤ ਅਭਿਆਸ ਕੀਤਾ।ਆਪਣੇ ਗੁਆਂਢੀਆਂ 'ਤੇ ਲਗਾਤਾਰ ਦਬਾਅ ਬਣਾਉਂਦੇ ਆ ਰਹੇ ਚੀਨ ਵੱਲੋਂ ਇਸ ਜਲ ਸੈਨਾ ਅਭਿਆਸ ਨੂੰ ਲੈਕੇ ਫਿਲਹਾਲ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਦੋਸਤਾਂ ਨੂੰ ਚੀਨਦੇ ਬੁਰੇ ਵਤੀਰੇ ਤੋਂ ਬਚਾਵਾਂਗੇ
ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਵੱਲੋਂ ਮੰਗਲਵਾਰ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ,''ਅਮਰੀਕੀ ਸੁਪਰਕਰੀਅਰ ਦੀ ਦੱਖਣੀ ਚੀਨ ਸਾਗਰ ਵਿਚ ਅਤੇ ਉਸ ਦੇ ਨੇੜੇ ਮੌਜੂਦਗੀ ਦੋਸਤ ਅਤੇ ਹਿੱਸੇਦਾਰਾਂ ਦੀ ਪ੍ਰਭੂਸੱਤਾ ਦੀ ਰੱਖਿਆ ਦੇ ਲਈ ਹੈ ਅਤੇ ਇਹ ਇਸ ਗੱਲ ਨੂੰ ਯਕੀਨੀ ਕਰਦਾ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਚੀਨ ਦੇ ਬੁਰੀ ਵਤੀਰੇ ਤੋ ਬਚਾਵਾਂਗੇ।'' ਦੇ ਸੰਯੁਕਤ ਅਭਿਆਸ ਦੇ ਦੌਰਾਨ ਜਿਹੜੇ ਚਾਰ ਦੇਸ਼ਾਂ ਦੇ ਜਲ ਸੈਨਿਕਾਂ ਨੇ ਹਿੱਸਾ ਲਿਆ ਉਹ ਹਨ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ। ਇਹ ਸਾਰੇ ਭਾਰਤ ਦੀ ਅਗਵਾਈ ਵਿਚ ਮਾਲਾਬਾਰ ਜਲ ਸੈਨਾ ਅਭਿਆਸ ਦੌਰਾਨ ਨਵੰਬਰ ਵਿਚ ਹਿੰਦ ਪ੍ਰਸ਼ਾਂਤ ਖੇਤਰ ਵਿਚ ਹਿੱਸਾ ਲੈਣਗੇ। ਆਸਟ੍ਰੇਲੀਆ ਨੂੰ ਆਸ ਹੈ ਕਿ ਜਲਦੀ ਹੀ ਇਸ ਦੇ ਲਈ ਰਸਮੀ ਤੌਰ 'ਤੇ ਸੱਦਾ ਭੇਜਿਆ ਜਾਵੇਗਾ।
ਜਾਣੇ QUAD ਦੇ ਬਾਰੇ 'ਚ
ਮਿਲਟਰੀ ਕਮਾਂਡਰ ਨੇ ਚਾਰ ਦੇਸ਼ਾਂ ਦੇ ਕਵਾਡ੍ਰੀਲੇਟਰਲ ਸਿਕਓਰਿਟੀ ਡਾਇਲਾਗ (QUAD)ਦੇ ਹਵਾਲਾ ਦਿੰਦੇ ਹੋਏ ਕਿਹਾ,''ਇਹ ਕਵਾਡ ਅਭਿਆਸ ਹੋਵੇਗਾ।'' ਅਸਲ ਵਿਚ ਕਵਾਡ ਮਤਲਬ ਕਵਾਡ੍ਰੀਲੇਟਰਲ ਸਿਕਓਰਿਟੀ ਡਾਇਲਾਗ ਵਿਚ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਕਵਾਡ ਵਿਚ ਅਮਰੀਕਾ ਮਹੱਤਵਪੂਰਨ ਭੂਮਿਕਾ ਨਿਭਾ ਰਿਹਾਹੈ ਅਤੇ ਚੀਨ ਵਿਰੁੱਧ ਧੁਰੀ ਬਣ ਗਿਆ ਹੈ। ਇਹੀ ਕਾਰਨ ਹੈ ਕਿ ਅਮਰੀਕਾ ਹਿੰਦ ਪ੍ਰਸ਼ਾਂਤ ਖੇਤਰ ਵਿਚ ਭਾਰਤੀ ਨੇਵੀ ਦੇ ਨਾਲ ਦੱਖਣੀ ਚੀਨ ਸਾਗਰ ਦੇ ਨੇੜੇ ਫਿਲੀਪੀਨਜ਼ ਸਮੁੰਦਰ ਵਿਚ ਜਾਪਾਨ ਅਤੇ ਆਸਟ੍ਰੇਲੀਆ ਦੇ ਨਾਲ ਅਭਿਆਸ ਕਰ ਰਿਹਾ ਹੈ। ਮਾਰਕ ਐਸਪਰ ਨੇ ਕਹਾ ਕਿ ਹਿੰਦ ਪ੍ਰਸ਼ਾਂਤ ਮਹਾਸਾਗਰ ਵਿਚ ਅਭਿਆਸ ਜਲਸੈਨਾ ਦੇ ਸਹਿਯੋਗ ਨੂੰ ਵਧਾਉਣ ਅਤੇ ਖੁੱਲ੍ਹੇ ਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਦੇ ਪ੍ਰਤੀ ਭਾਰਤ ਅਤੇ ਅਮਰੀਕਾ ਦੀ ਸਾਂਝੀ ਵਚਨਬੱਧਤਾ ਨੂੰ ਜ਼ਾਹਰ ਕਰਦਾ ਹੈ।
ਕਵਾਡ ਤੋਂ ਡਰਿਆ ਚੀਨ
ਕਵਾਡ ਦਾ ਉਦੇਸ਼ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਸ਼ਾਂਥੀ ਸਥਾਪਿਤ ਕਰਨਾ ਅਤੇ ਕਿਸੇ ਤਰ੍ਹਾਂ ਦੀ ਲੜਾਈ ਤੋਂ ਦੂਰ ਰਹਿਣਾ ਹੈ।ਇਸੇ ਕਾਰਨ ਬੀਜਿੰਗ ਦੀ ਪਰੇਸ਼ਾਨੀ ਵੱਧ ਗਈ ਹੈ। ਚੀਨ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਅਜਿਹਾ ਕਰਕੇ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਇਹ ਚਾਰੇ ਦੇਸ਼ ਰਣਨੀਤਕ ਤੌਰ 'ਤੇ ਮਿਲ ਕੇ ਉਸ ਵਿਰੁੱਧ ਸਾਜਿਸ਼ ਰਚ ਰਹੇ ਹਨ। ਬੀਜਿੰਗ ਨੂੰ ਲੱਗਦਾ ਹੈ ਕਿ ਕਵਾਡ ਚੀਨ ਦੇ ਨੇੜੇ ਸਮੁੰਦਰ ਵਿਚ ਆਪਣਾ ਦਬਦਬਾ ਵਧਾਉਣਾ ਚਾਹੁੰਦਾ ਹੈ ਕਿਉਂਕਿ ਕਵਾਡ ਇੰਡੋ-ਪੈਸੀਫਿਕ ਪੱਧਰ 'ਤੇ ਕੰਮ ਕਰ ਰਿਹਾ ਹੈ।