ਦੀਵਾਲੀ ’ਤੇ ਮਿਲਾਵਟੀ ਮਠਿਆਈਆਂ ’ਤੇ ਸਖ਼ਤੀ, ਸਿਹਤ ਵਿਭਾਗ ਨੇ ਵਧਾਈ ਚੌਕਸੀ

Wednesday, Oct 15, 2025 - 01:24 PM (IST)

ਦੀਵਾਲੀ ’ਤੇ ਮਿਲਾਵਟੀ ਮਠਿਆਈਆਂ ’ਤੇ ਸਖ਼ਤੀ, ਸਿਹਤ ਵਿਭਾਗ ਨੇ ਵਧਾਈ ਚੌਕਸੀ

ਚੰਡੀਗੜ੍ਹ (ਪਾਲ) : ਯੂ. ਟੀ. ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਸ਼ਹਿਰ 'ਚ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਖ਼ਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਅਤੇ ਸਨੈਕਸ ’ਚ ਮਿਲਾਵਟ ਨੂੰ ਰੋਕਣ ਲਈ ਇੱਕ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਲੋਕਾਂ ਦੀ ਸਿਹਤ ਸੁਰੱਖਿਅਤ ਰਹੇ। ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਹੁਣ ਤੱਕ ਵੱਖ-ਵੱਖ ਇਲਾਕਿਆਂ ਤੋਂ ਕੁੱਲ 51 ਨਮੂਨੇ ਇਕੱਠੇ ਕੀਤੇ ਹਨ, ਜਿਨ੍ਹਾਂ 'ਚ 26 ਰੈਗੂਲੇਟਰੀ ਅਤੇ 25 ਸਰਵਿਲਾਂਸ ਨਮੂਨੇ ਹਨ। ਪਨੀਰ, ਖੋਆ ਅਤੇ ਮਠਿਆਈਆਂ ਦੇ ਨਮੂਨੇ ਜਾਂਚ ਲਈ ਫੂਡ ਐਨਾਲਿਸਟ ਲੈਬਾਰੇਟਰੀ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ 9 ਚਲਾਨ ਵੀ ਉਨ੍ਹਾਂ ਫੂਡ ਬਿਜ਼ਨੈੱਸ ਆਪਰੇਟਰਾਂ ਖ਼ਿਲਾਫ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਵਿਭਾਗ ਵੱਲੋਂ ਜਾਗਰੂਕਤਾ ਕੈਂਪ ਵੀ ਰੋਜ਼ਾਨਾ ਵੱਖ-ਵੱਖ ਇਲਾਕਿਆਂ ’ਚ ਲਗਾਏ ਜਾ ਰਹੇ ਹਨ, ਜਿਸ ’ਚ ਆਮ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਤੋਂ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਣ ਵੇਲੇ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ।

ਸਿਹਤ ਵਿਭਾਗ ਨੇ ਦੁਕਾਨਦਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਫ਼ਾਈ ਅਤੇ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਣ, ਖਾਣ ਵਾਲੇ ਪਦਾਰਥਾਂ ਨੂੰ ਸਾਫ਼-ਸੁਥਰੇ ਡੱਬਿਆਂ ’ਚ ਰੱਖਣ ਅਤੇ ਐਕਸਪਾਇਰਡ ਜਾਂ ਖ਼ਰਾਬ ਭੋਜਨ ਵੇਚਣ ਤੋਂ ਬਚਣ। ਨਾਲ ਹੀ ਉਨ੍ਹਾਂ ਨੂੰ ਮਠਿਆਈਆਂ ’ਚ ਸਿੰਥੈਟਿਕ ਰੰਗਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਲਈ ਵੀ ਕਿਹਾ ਗਿਆ ਹੈ। ਵਿਭਾਗ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਦੁਕਾਨ ਵਿਚ ਮਿਲਾਵਟ ਜਾਂ ਗੰਦਗੀ ਦਾ ਸ਼ੱਕ ਹੋਵੇ ਤਾਂ ਸੈਕਟਰ-16 ਸਥਿਤ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਫੂਡ ਸੇਫਟੀ ਵਿਭਾਗ ਨੂੰ ਇਸਦੀ ਰਿਪੋਰਟ ਕਰਨ ਜਾਂ 0172-2782457 ਨੰਬਰ ’ਤੇ ਸੰਪਰਕ ਕਰਨ।
ਚਾਰ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਅਤੇ ਬਾਜ਼ਾਰ ਮਠਿਆਈਆਂ ਅਤੇ ਡੇਅਰੀ ਉਤਪਾਦਾਂ ਨਾਲ ਭਰ ਜਾਣ ਕਾਰਨ, ਚੰਡੀਗੜ੍ਹ ਫੂਡ ਸੇਫਟੀ ਅਤੇ ਸਟੈਂਡਰਡਜ਼ ਵਿਭਾਗ ਨੇ ਖਾਣ ਵਾਲੀਆਂ ਵਸਤਾਂ ’ਚ ਮਿਲਾਵਟ ਨੂੰ ਰੋਕਣ ਅਤੇ ਖ਼ਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਸ਼ਹਿਰ ਭਰ ਵਿਚ ਚੌਕਸੀ ਮੁਹਿੰਮ ਚਲਾਉਣ ਲਈ ਚਾਰ ਵਿਸ਼ੇਸ਼ ਟੀਮਾਂ ਬਣਾਈਆਂ ਹਨ। ਇਹ ਟੀਮਾਂ ਮਠਿਆਈਆਂ, ਦੁੱਧ, ਘਿਓ, ਖੋਆ, ਪਨੀਰ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਮੂਨੇ ਇਕੱਠੇ ਕਰ ਕੇ ਉਨ੍ਹਾਂ ਨੂੰ ਜਾਂਚ ਲਈ ਭੇਜਣਗੀਆਂ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲ ਜਨਤਕ ਸਿਹਤ ਦੀ ਸੁਰੱਖਿਆ ਲਈ ਕੀਤੀ ਗਈ ਹੈ, ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਵਾਇਤੀ ਖਾਣ-ਪੀਣ ਦੀਆਂ ਚੀਜ਼ਾਂ ਦੀ ਮੰਗ ਵੱਧ ਜਾਂਦੀ ਹੈ। ਵਿਭਾਗ ਨੇ ਖ਼ਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ਰੀਦਦਾਰੀ ਕਰਦੇ ਸਮੇਂ ਚੌਕਸ ਰਹਿਣ, ਖ਼ਾਸ ਕਰਕੇ ਜਦੋਂ ਮਠਿਆਈਆਂ, ਦੁੱਧ ਅਤੇ ਡੇਅਰੀ ਉਤਪਾਦ, ਬੇਕਰੀ ਸਮਾਨ, ਡਰਾਈ ਫਰੂਟ ਅਤੇ ਸਨੈਕਸ ਖਰੀਦਣ ਸਮੇਂ। ਸਿਰਫ਼ ਲਾਇਸੈਂਸ ਵਾਲੇ ਸਾਫ਼-ਸੁਥਰੇ ਸਟੋਰਾਂ ਤੋਂ ਹੀ ਖਰੀਦਦਾਰੀ ਕਰਨ ਅਤੇ ਪੈਕੇਟ ’ਤੇ ਬੈਚ ਨੰਬਰ, ਐਕਸਪਾਇਰੀ ਡੇਟ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਦੀ ਜਾਂਚ ਜ਼ਰੂਰ ਕਰਨ।


author

Babita

Content Editor

Related News