ਅਮਰੀਕਾ : ਪੁਲਸ ਅਧਿਕਾਰੀ ਨੇ ਗ੍ਰਿਫ਼ਤਾਰੀ ਦੌਰਾਨ ਮਹਿਲਾ ਨਾਲ ਕੀਤੀ ਕੁੱਟਮਾਰ
Sunday, Apr 25, 2021 - 12:14 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਦੇ ਵੈਸਟ ਮਿੰਸਟਰ ਵਿਚ ਇੱਕ ਪੁਲਸ ਅਧਿਕਾਰੀ ਨੇ ਗ੍ਰਿਫ਼ਤਾਰੀ ਦੌਰਾਨ ਇੱਕ ਮਹਿਲਾ ਨਾਲ ਕੁੱਟਮਾਰ ਕੀਤੀ ਹੈ, ਜਿਸ ਕਰਕੇ ਇਸ ਅਧਿਕਾਰੀ ਨੂੰ ਪ੍ਰਸ਼ਾਸਨਿਕ ਛੁੱਟੀ 'ਤੇ ਭੇਜਿਆ ਗਿਆ ਹੈ। ਇਸ ਮਾਮਲੇ ਦੀ ਸਾਹਮਣੇ ਆਈ ਇੱਕ ਵੀਡੀਓ ਵਿੱਚ, ਇਸ ਅਧਿਕਾਰੀ ਨੂੰ ਹੱਥਕੜੀ ਲੱਗੀ ਹੋਈ ਔਰਤ ਦੇ ਚਿਹਰੇ 'ਤੇ ਦੋ ਵਾਰ ਮੁੱਕਾ ਮਾਰਦਿਆਂ ਵੇਖਿਆ ਗਿਆ ਹੈ।
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ 21 ਅਪ੍ਰੈਲ ਨੂੰ 34 ਸਾਲਾ ਸਿਓਮਾਰਾ ਗਾਰਸੀਆ ਦੁਆਰਾ ਇੱਕ ਏਸ਼ੀਅਨ ਔਰਤ 'ਤੇ ਹਮਲਾ ਕਰਨ ਦੀ ਸੂਚਨਾ ਅਧਿਕਾਰੀਆਂ ਨੂੰ ਮਿਲੀ ਅਤੇ ਕਾਰਵਾਈ ਕਰਦਿਆਂ ਗਾਰਸੀਆ ਨਾਲ ਸਾਹਮਣਾ ਹੋਣ 'ਤੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਸ 'ਤੇ ਤੋੜ-ਫੋੜ ਕਰਨ ਸੰਬੰਧੀ ਇੱਕ ਵਾਰੰਟ ਵੀ ਹੈ। ਇਸ ਉਪਰੰਤ ਪੁਲਸ ਵੱਲੋਂ ਗਾਰਸੀਆ ਨੂੰ ਹੱਥਕੜੀ ਲਗਾਈ ਗਈ। ਅਧਿਕਾਰੀਆਂ ਅਨੁਸਾਰ ਗਾਰਸੀਆ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ, ਜਿਸ ਲਈ ਪੈਰਾ ਮੈਡੀਕਲ ਬੁਲਾਏ ਗਏ। ਜਦੋਂ ਉਹ ਮੈਡੀਕਲ ਸਹਾਇਤਾ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਤਾਂ ਗਾਰਸੀਆ ਅਧਿਕਾਰੀਆਂ ਨਾਲ ਲੜਾਈ ਕਰਨ ਲੱਗੀ, ਜਿਸ ਦੌਰਾਨ ਗਾਰਸੀਆ ਉਸ ਦੀ ਪਿੱਠ ਦੇ ਪਿੱਛੇ ਹੱਥਾਂ ਵਿੱਚ ਫਸਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਪਈ ਅਤੇ ਉਹ ਵੀਡੀਓ ਵਿੱਚ ਇੱਕ ਅਧਿਕਾਰੀ ਨੂੰ ਲੱਤ ਮਾਰਦੀ ਵੀ ਦਿਖਾਈ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ 'ਲਾਈਵ ਸਮਾਰੋਹ', ਜੁਟੇ 50 ਹਜ਼ਾਰ ਦਰਸ਼ਕ (ਤਸਵੀਰਾਂ)
ਅਧਿਕਾਰੀ, ਜਿਸਦਾ ਨਾਮ ਨਹੀਂ ਦੱਸਿਆ ਗਿਆ ਨੇ ਫਿਰ ਮਹਿਲਾ ਦੇ ਚਿਹਰੇ 'ਤੇ ਦੋ ਵਾਰ ਮਾਰਿਆ। ਦੂਜੇ ਦੋ ਅਧਿਕਾਰੀ ਤੁਰੰਤ ਦਖਲਅੰਦਾਜ਼ੀ ਕਰਦੇ ਹਨ ਅਤੇ ਉਸ ਨੂੰ ਗਾਰਸੀਆ ਤੋਂ ਦੂਰ ਕਰਦੇ ਹਨ। ਇਸ ਦੇ ਬਾਅਦ ਗਾਰਸੀਆ ਨੂੰ ਜਾਂਚ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਪੁਲਸ ਦੇ ਅਨੁਸਾਰ ਕੋਈ ਜ਼ਖਮੀ ਨਹੀਂ ਹੋਇਆ। ਫਿਰ ਉਸ ਨੂੰ ਓਰੇਂਜ ਕਾਉਂਟੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਪੁਲਸ ਵਿਭਾਗ ਨੇ ਕਿਹਾ ਕਿ ਅਧਿਕਾਰੀ ਨੂੰ ਤਾਕਤ ਦੀ ਵਰਤੋਂ ਅਤੇ ਗਵਾਹਾਂ ਦੇ ਸੈੱਲਫੋਨ ਫੁਟੇਜ ਦੀ ਜਾਂਚ ਕਰਕੇ, ਅੰਦਰੂਨੀ ਮਾਮਲਿਆਂ ਦੀ ਜਾਂਚ ਲਈ ਪ੍ਰਬੰਧਕੀ ਛੁੱਟੀ 'ਤੇ ਰੱਖਿਆ ਗਿਆ ਹੈ। ਵੈਸਟਮਿੰਸਟਰ ਪੁਲਸ ਵਿਭਾਗ ਨੇ ਕਿਹਾ ਕਿ ਓਰੇਂਜ ਕਾਉਂਟੀ ਜ਼ਿਲ੍ਹਾ ਅਟਾਰਨੀ ਦਾ ਦਫਤਰ ਇਸ ਮਾਮਲੇ ਦਾ ਮੁਲਾਂਕਣ ਕਰੇਗਾ।
ਨੋਟ- ਅਮਰੀਕਾ ਵਿਚ ਪੁਲਸ ਅਧਿਕਾਰੀ ਨੇ ਗ੍ਰਿਫ਼ਤਾਰੀ ਦੌਰਾਨ ਮਹਿਲਾ ਨਾਲ ਕੀਤੀ ਕੁੱਟਮਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।