ਕੌਮਾਂਤਰੀ ਸਿੱਖ ਭਾਈਚਾਰੇ ਵੱਲੋਂ ਪਾਕਿ ਨੂੰ 50 ਕਰੋੜ ਡਾਲਰ ਦੇਣ ਦਾ ਭਰੋਸਾ
Friday, Nov 08, 2019 - 04:10 PM (IST)

ਨਿਊਯਾਰਕ/ਲਾਹੌਰ (ਰਾਜ ਗੋਗਨਾ): ਬੀਤੇ ਦਿਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਨਿਸ਼ਕਾਮ ਗਰੁੱਪ ਆਫ਼ ਚੈਰੀਟੇਬਲ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ, ਭਾਈ ਸਾਹਿਬ ਡਾ: ਮਹਿੰਦਰ ਸਿੰਘ ਆਹਲੂਵਾਲੀਆ (ਯੂ.ਕੇ) ਓ.ਬੀ.ਈ.ਕੇ.ਐਸ.ਜੀ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਮੁਲਾਕਾਤ ਕੀਤੀ। ਬੈਠਕ ਦੌਰਾਨ ਵਿਦੇਸ਼ੀ ਪਾਕਿਸਤਾਨੀਆਂ ਲਈ ਐਸ.ਏ.ਪੀ.ਐਮ ਸਈਅਦ ਜ਼ੁਲਫਕਾਰ ਅਲੀ ਬੁਖਾਰੀ ਵੀ ਮੌਜੂਦ ਸਨ। ਭਾਈ ਸਾਹਿਬ ਭਾਈ ਮਹਿੰਦਰ ਸਿੰਘ (ਯੂ.ਕੇ) ਨੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਵਿਸ਼ਵ ਭਰ ਵਿਚ ਸਿੱਖ ਕੌਮ ਨੂੰ ਉਨ੍ਹਾਂ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਿਚ ਸਹੂਲਤ ਦੇਣ ਦੇ ਮਹੱਤਵਪੂਰਨ ਫੈਸਲੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਥੇ ਉਨ੍ਹਾਂ ਬੁਨਿਆਦੀ ਡਿਵੈਲਪਮੈਂਟ ਵਿਕਾਸ ਪ੍ਰਾਜੈਕਟਾਂ ਖਾਸ ਕਰਕੇ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਲਾਂਘੇ ਵਿੱਚ ਆਰਾਮ ਘਰ ਬਣਾਉਣ ਵਿਚ ਦਿਲਚਸਪੀ ਦਿਖਾਈ। ਉਨ੍ਹਾਂ ਸਿੱਖ ਭਾਈਚਾਰੇ ਨੂੰ ਇਸ ਸਾਲ ਦੇ ਸ਼ੁਰੂ ਵਿਚ ਐਲਾਨੇ ਗਏ 500 ਮਿਲੀਅਨ ਡਾਲਰ ਦੇ ਫੰਡ ਦੇ ਪਹਿਲੇ ਪੜਾਅ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਦੇਣ ਦਾ ਪੂਰਾ ਭਰੋਸਾ ਵੀ ਦਿੱਤਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਏ ਹੋਏ ਸਿੱਖ ਵਫ਼ਦ ਦਾ ਨਿੱਘਾ ਸਵਾਗਤ ਕੀਤਾ।