ਅਮਰੀਕਾ : ਏਟਾ ਤੂਫ਼ਾਨ ਨੇ ਦੱਖਣੀ ਫਲੋਰੀਡਾ ''ਚ ਦਿੱਤੀ ਦਸਤਕ
Tuesday, Nov 10, 2020 - 09:30 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਇਸ ਸਮੇਂ ਹੋਰ ਆਫ਼ਤਾਂ ਦੇ ਨਾਲ-ਨਾਲ ਤੂਫ਼ਾਨਾਂ ਨੇ ਵੀ ਅਮਰੀਕਾ ਨੂੰ ਘੇਰਿਆ ਹੋਇਆ ਹੈ। ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਤੂਫ਼ਾਨ ਏਟਾ ਨੇ ਸੋਮਵਾਰ ਸਵੇਰੇ ਤੇਜ਼ ਮੀਂਹ, ਤੇਜ਼ ਹਵਾਵਾਂ ਦੇ ਨਾਲ ਦੱਖਣੀ ਫਲੋਰੀਡਾ ਅਤੇ ਫਲੋਰੀਡਾ ਕੀਜ਼ ਨੂੰ ਪ੍ਰਭਾਵਿਤ ਕੀਤਾ। ਇੱਥੇ ਬਹੁਤ ਸਾਰੇ ਖੇਤਰ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ । ਸਥਿਤੀ ਨੂੰ ਵੇਖਦੇ ਹੋਏ ਸਮੁੰਦਰੀ ਕੰਢੇ ਅਤੇ ਕੋਰੋਨਾ ਵਾਇਰਸ ਟੈਸਟਿੰਗ ਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਨਤਕ ਆਵਾਜਾਈ ਨੂੰ ਵੀ ਰੋਕਿਆ ਗਿਆ ਹੈ।
ਏਟਾ ਨੇ ਮੈਕਸੀਕੋ ਅਤੇ ਮੱਧ ਅਮਰੀਕਾ ਵਿਚ ਤਬਾਹੀ ਤੋਂ ਬਾਅਦ ਫਲੋਰੀਡਾ 'ਤੇ ਕਹਿਰ ਢਾਹਿਆ ਹੈ। ਮੌਸਮੀ ਮਾਹਰਾਂ ਅਨੁਸਾਰ ਸਿਸਟਮ ਦੀ ਹੌਲੀ ਰਫ਼ਤਾਰ ਅਤੇ ਭਾਰੀ ਮੀਂਹ ਨੇ ਦੱਖਣੀ ਫਲੋਰੀਡਾ ਲਈ ਇਕ ਬਹੁਤ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਇਹ ਖੇਤਰ ਪਿਛਲੇ ਮਹੀਨੇ ਵੀ 14 ਇੰਚ ਤੋਂ ਵੱਧ ਮੀਂਹ ਦਾ ਸਾਹਮਣਾ ਕਰ ਚੁੱਕਾ ਹੈ ਅਤੇ ਅਨੁਮਾਨ ਅਨੁਸਾਰ ਏਟਾ ਦੱਖਣੀ ਅਤੇ ਮੱਧ ਫਲੋਰੀਡਾ ਦੇ ਕੁਝ ਹਿੱਸਿਆਂ ਹੋਰ ਮੀਂਹ ਪੈ ਸਕਦਾ ਹੈ।
ਮਿਆਮੀ-ਡੇਡ ਕਾਉਂਟੀ ਦੇ ਮੇਅਰ ਕਾਰਲੋਸ ਗਿਮਨੇਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਆਦਾ ਪਾਣੀ ਇਕੱਠਾ ਹੋਣ ਕਰਕੇ ਇਸ ਨੂੰ ਡਰੇਨ ਕਰਨ ਵਿਚ ਸਮੱਸਿਆ ਆ ਰਹੀ ਹੈ, ਜਿਸ ਕਾਰਨ ਵਾਹਨ ਠੱਪ ਹੋ ਗਏ ਹਨ ਅਤੇ ਪਾਣੀ ਕੁਝ ਘਰਾਂ ਵਿੱਚ ਵੀ ਦਾਖ਼ਲ ਹੋ ਗਿਆ ਹੈ। ਤੂਫਾਨ ਕੇਂਦਰ ਨੇ ਦੱਸਿਆ ਕਿ ਏਟਾ ਵਿਚ ਰਾਤ ਭਰ ਵੱਧ ਤੋਂ ਵੱਧ 65 ਮੀਲ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲੀਆਂ ਅਤੇ ਇਹ ਦੱਖਣ ਪੱਛਮੀ ਫਲੋਰਿਡਾ ਦੇ ਤੱਟ ਤੋਂ ਥੋੜ੍ਹੀ ਦੂਰ ਸੀ।
ਇਹ ਕੀਜ਼ ਦੇ ਪੱਛਮ ਤੋਂ ਲਗਭਗ 45 ਮੀਲ ਉੱਤਰ ਤੇ ਉੱਤਰ-ਪੱਛਮ ਅਤੇ ਨੇਪਲਜ਼ ਦੇ 65 ਮੀਲ ਦੱਖਣ 'ਤੇ ਕੇਂਦਰਿਤ ਸੀ। ਕੀਜ਼ ਖੇਤਰ ਵਿਚ ਅਧਿਕਾਰੀਆਂ ਨੇ ਮੋਬਾਈਲ ਹੋਮ ਪਾਰਕਾਂ, ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਕਈ ਸਕੂਲ ਵੀ ਬੰਦ ਕੀਤੇ ਗਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਇਸ ਤੂਫ਼ਾਨ ਨੂੰ ਗੰਭੀਰਤਾ ਨਾਲ ਨਜਿੱਠਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।