ਅਮਰੀਕਾ : ਹਸਪਤਾਲ ਦੇ ਕਰਮਚਾਰੀ ''ਤੇ ਲੱਗੇ ਕੋਰੋਨਾ ਟੀਕੇ ਖ਼ਰਾਬ ਕਰਨ ਦੇ ਦੋਸ਼
Thursday, Jan 21, 2021 - 10:30 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵਿਸਕਾਨਸਿਨ ਵਿਚ ਹਸਪਤਾਲ ਕਰਮਚਾਰੀ 'ਤੇ ਕੋਰੋਨਾ ਟੀਕੇ ਖ਼ਰਾਬ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਹੈ ਕਿ ਪਿਛਲੇ ਦਿਨੀਂ ਉਸ ਨੇ ਮੋਡੇਰਨਾ ਕੋਰੋਨਾ ਟੀਕਿਆਂ ਦੀਆਂ ਤਕਰੀਬਨ 500 ਖੁਰਾਕਾਂ ਨੂੰ ਫਰਿੱਜ ਤੋਂ ਬਾਹਰ ਕੱਢ ਕੇ ਰੱਖਿਆ ਸੀ ਤਾਂ ਕਿ ਇਹ ਖ਼ਰਾਬ ਹੋ ਜਾਣ।
ਇਸ ਮਾਮਲੇ ਦੀ ਮੰਗਲਵਾਰ ਨੂੰ ਓਜ਼ੌਕੀ ਕਾਉਂਟੀ ਕੋਰਟ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸਟੀਫਨ ਬ੍ਰੈਂਡਨਬਰਗ ਨਾਮ ਦੇ ਇਸ ਕਰਮਚਾਰੀ 'ਤੇ ਮੋਡਰਨਾ ਟੀਕੇ ਦੀਆਂ ਸ਼ੀਸ਼ੀਆਂ ਨੂੰ ਫਰਿੱਜ ਭੰਡਾਰਨ 'ਚੋਂ ਹਟਾਉਣ ਦਾ ਦੋਸ਼ ਹੈ। 46 ਸਾਲਾ ਬ੍ਰੈਂਡਨਬਰਗ ਨੇ ਵੀ ਅਧਿਕਾਰੀਆਂ ਕੋਲ ਮੰਨਿਆ ਕਿ ਉਸ ਨੇ ਦੋ ਵਾਰ ਟੀਕਿਆਂ ਦੀਆਂ ਸ਼ੀਸ਼ੀਆਂ ਜਾਣ ਬੁੱਝ ਕੇ ਹਟਾ ਦਿੱਤੀਆਂ ਸਨ ਤਾਂ ਜੋ ਇਹ ਪ੍ਰਭਾਵਸ਼ਾਲੀ ਨਾ ਹੋ ਸਕਣ। ਹਾਲਾਂਕਿ ਬ੍ਰੈਂਡਨਬਰਗ ਦੇ ਵਕੀਲ ਨੇ ਅਪੀਲ ਕੀਤੀ ਕਿ ਉਸ ਨੇ ਹਸਪਤਾਲ ਦੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ।
ਬ੍ਰੈਂਡਨਬਰਗ ਨੂੰ 4 ਜਨਵਰੀ ਨੂੰ ਬਾਂਡ 'ਤੇ ਰਿਹਾ ਕੀਤਾ ਗਿਆ ਸੀ, ਜੇਕਰ ਇਸ ਮਾਮਲੇ ਵਿਚ ਉਹ ਦੋਸ਼ੀ ਸਿੱਧ ਹੁੰਦਾ ਹੈ ਤਾਂ ਉਸ ਨੂੰ 9 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਨਾਲ ਹੀ ਵੱਧ ਤੋਂ ਵੱਧ 10,000 ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ। ਉਸ ਨੂੰ 18 ਮਾਰਚ ਨੂੰ ਅਦਾਲਤ ਵਿਚ ਮੁੜ ਪੇਸ਼ ਕੀਤਾ ਜਾਵੇਗਾ। ਫਿਲਹਾਲ ਅਦਾਲਤ ਦੀ ਪ੍ਰਵਾਨਗੀ ਬਿਨਾਂ ਉਹ ਸੂਬੇ ਤੋਂ ਬਾਹਰ ਨਹੀਂ ਜਾ ਸਕਦਾ।