ਅਮਰੀਕਾ ਦੀ ਡ੍ਰੈਗਨ ਨਾਲ ਨਜਿੱਠਣ ਦੀ ਵੱਡੀ ਤਿਆਰੀ, ਬਣਾਈ 18 ਲੱਖ ਕਰੋੜ ਰੁਪਏ ਦੀ ਯੋਜਨਾ
Wednesday, Jun 09, 2021 - 03:14 PM (IST)
ਵਾਸ਼ਿੰਗਟਨ (ਬਿਊਰੋ): ਡ੍ਰੈਗਨ ਦੀ ਨਾਕਾਬੰਦੀ ਲਈ ਅਮਰੀਕਾ ਸਭ ਤੋਂ ਸਖ਼ਤ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਦੇਸ਼ ਵਿਚ ਵੱਧਦੀ ਚੀਨੀ ਤਕਨਾਲੋਜੀ ਅਤੇ ਉਸ ਦੇ ਅਸਰ ਨੂੰ ਖ਼ਤਮ ਕਰਨ ਲਈ ਅਮਰੀਕੀ ਸੈਨੇਟ ਵਿਆਪਕ ਕਾਨੂੰਨਾਂ ਦਾ ਪੈਕੇਜ ਲਿਆ ਰਹੀ ਹੈ। ਇਹ ਬਿੱਲ ਦੋ ਦਲੀ ਵਿਵਸਥਾ ਦੇ ਤਹਿਤ ਪਾਸ ਕੀਤਾ ਜਾਵੇਗਾ। ਇਸ ਦੇ ਜ਼ਰੀਏ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਵੇਂ ਪਾਰਟੀਆਂ ਚੀਨ ਨੂੰ ਅਮਰੀਕਾ ਲਈ ਖਤਰਾ ਮੰਨਦੀਆਂ ਹਨ।
'ਯੂ.ਐੱਸ. ਇਨੋਵੇਸ਼ਨ ਐਂਡ ਕੰਪੀਟਿਸ਼ਨ ਐਕਟ' ਦਾ ਇਹ ਬਿੱਲ ਕਈ ਸੈਨੇਟ ਕਮੇਟੀਆਂ ਨੇ ਮਿਲ ਕੇ ਬਣਾਇਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਇਸ ਲਈ ਸਮਰਥਨ ਜ਼ਾਹਰ ਕਰ ਚੁੱਕੇ ਹਨ ਜੋ ਅਮਰੀਕੀ ਨਿਰਮਾਣ, ਤਕਨਾਲੋਜੀ ਰਿਸਰਚ ਅਤੇ ਵਿਕਾਸ 'ਤੇ ਕਰੀਬ 18 ਲੱਖ ਕਰੋੜ ਰੁਪਏ ਨਿਵੇਸ਼ ਦੀ ਮਨਜ਼ੂਰੀ ਦਿੰਦੀ ਹੈ। ਮਈ ਦੇ ਅਖੀਰ ਵਿਚ ਇਸ ਬਿੱਲ ਨੂੰ 68-30 ਨਾਲ ਮਨਜ਼ੂਰੀ ਮਿਲ ਗਈ ਹੈ। ਆਸ ਕੀਤੀ ਜਾ ਰਹੀ ਹੈ ਕਿ ਬਾਕੀ ਮੁੱਦਿਆਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਮਿਲ ਜਾਵੇਗੀ। ਅਮਰੀਕੀ ਬਿਜ਼ਨੈੱਸ ਕਮਿਊਨਿਟੀ ਲੰਬੇ ਸਮੇਂ ਤੋਂ ਦੋਸ਼ ਲਗਾਉਂਦੀ ਰਹੀ ਹੈ ਕਿ ਚੀਨੀ ਕੰਪਨੀਆਂ ਅਨੈਤਿਕ ਕੰਮਾਂ ਵਿਚ ਲੱਗੀਆਂ ਹੋਈਆਂ ਹਨ। ਜਿਵੇਂ ਬੌਧਿਕ ਜਾਇਦਾਦ ਅਧਿਕਾਰ ਚੋਰੀ ਕਰਨਾ ਅਤੇ ਮਾਰਕੀਟ ਵਿਚ ਜ਼ਬਰੀ ਆਪਣੀ ਤਕਨਾਲੋਜੀ ਨੂੰ ਟਰਾਂਸਫਰ ਕਰਨਾ। ਇਹ ਬਿੱਲ ਇਸ ਤਰ੍ਹਾਂ ਦੇ ਅਨੈਤਿਕ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ਪ੍ਰਕਾਸ਼ਿਤ ਕਰਨ ਦਾ ਅਧਿਕਾਰ ਦਿੰਦਾ ਹੈ। ਨਾਲ ਹੀ ਰਾਸ਼ਟਰਪਤੀ ਅਜਿਹੇ ਲੋਕਾਂ ਜਾਂ ਸੰਸਥਾਵਾਂ 'ਤੇ ਪਾਬੰਦੀ ਲਗਾ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਇਹ ਯੂਰਪੀ ਦੇਸ਼ ਸਮੁੰਦਰ 'ਚ ਕਰੋੜਾਂ ਟਨ ਮਿੱਟੀ ਪਾ ਕੇ ਵਸਾਏਗਾ ਨਵਾਂ 'ਸ਼ਹਿਰ' (ਤਸਵੀਰਾਂ)
ਇਸ ਕਾਨੂੰਨ ਦੇ ਦਾਇਰੇ ਵਿਚ ਉਹਨਾਂ ਵਿਦੇਸ਼ੀ ਅਦਾਰਿਆਂ 'ਤੇ ਵੀ ਪਾਬੰਦੀ ਲਗਾਈ ਜਾ ਸਕੇਗੀ ਜਿਹਨਾਂ ਨੇ ਅਮਰੀਕਾ ਵਿਚ ਸਾਈਬਰ ਹਮਲੇ ਦਾ ਸਮਰਥਨ ਕੀਤਾ ਹੈ ਜਾਂ ਉਸ ਵਿਚ ਸ਼ਾਮਲ ਰਹੇ ਹਨ। ਇਹ ਅਮਰੀਕਾ ਵਿਚ ਹੇਰਾਫੇਰੀ ਜਿਹੇ ਮੁੱਦਿਆਂ ਨਾਲ ਨਜਿੱਠਣ ਦੇ ਟਾਸਕ ਫੋਰਸ ਦਾ ਗਠਨ ਕਰੇਗਾ। ਨਾਲ ਹੀ ਚੀਨ ਵਿਚ ਸੁੰਤਤਰ ਮੀਡੀਆ ਨੂੰ ਸਮਰਥਨ ਦੇਣ ਲਈ ਫੰਡ ਵੀ ਦੇਵੇਗਾ। 18 ਲੱਖ ਕਰੋੜ ਦੀ ਵਿਵਸਥਾ ਵਾਲੇ ਇਸ ਬਿੱਲ ਦੇ ਤਹਿਤ ਅਮਰੀਕਾ ਵਿਚ ਖੇਤਰੀ ਤਕਨਾਲੋਜੀ ਹਬ ਬਣਾਏ ਜਾਣਗੇ। ਆਧੁਨਿਕ ਤਕਨਾਲੋਜੀ ਵਾਲੇ ਖੇਤਰ ਜਿਵੇ ਏ.ਆਈ. ਰੋਬੋਟਿਕਸ ਅਤੇ ਬਾਇਓਤਕਨਾਲੋਜੀ ਲਈ 29 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਇਸ ਬਿੱਲ ਦੇ ਸਹਿ ਪ੍ਰਾਯੋਜਕ ਡੈਮੋਕ੍ਰੈਟਿਕ ਸੈਨੇਟ ਚੱਕ ਸ਼ੂਮਰ ਕਹਿੰਦੇ ਹਨ ਕਿ ਅਮਰੀਕਾ ਵਿਗਿਆਨਕ ਰਿਸਰਚ 'ਤੇ ਆਪਣੀ ਜੀ.ਡੀ.ਪੀ. ਦਾ 1 ਫੀਸਦੀ ਤੋਂ ਵੀ ਘੱਟ ਖਰਚ ਕਰਦਾ ਹੈ ਜੋ ਚੀਨ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਹੈ। ਇਹ ਬਿੱਲ ਰਿਸਰਚ ਅਤੇ ਇਨੋਵੇਸ਼ਨ ਵਿਚ ਸਭ ਤੋਂ ਵੱਡਾ ਨਿਵੇਸ਼ ਹੋਵੇਗਾ ਜੋ ਅਮਰੀਕਾ ਦੇ ਭਵਿੱਖ ਦੇ ਉਦਯੋਗਾਂ ਵਿਚ ਦੁਨੀਆ ਦੀ ਅਗਵਾਈ ਕਰਨ ਵਿਚ ਮਦਦ ਕਰੇਗਾ।
ਤਕਨਾਲੋਜੀ ਅਤੇ ਰਿਸਰਚ ਲਈ 14 ਲੱਖ ਕਰੋੜ ਦਾ ਬਜਟ
ਇਹ ਬਿੱਲ ਅਮਰੀਕੀ ਤਕਨਾਲੋਜੀ ਅਤੇ ਰਿਸਰਚ ਨੂੰ ਮਜ਼ਬੂਤ ਕਰਨ ਦੀਆਂ ਵਿਵਸਥਾਵਾਂ ਲਈ ਲੱਗਭਗ 190 ਬਿਲੀਅਨ ਡਾਲਰ (ਕਰੀਬ 14 ਲੱਖ ਕਰੋੜ ਰੁਪਏ) ਦਾ ਬਜਟ ਦਿੰਦਾ ਹੈ। ਦੂਰਸੰਚਾਰ ਉਪਕਰਨਾਂ ਦੇ ਉਤਪਾਦਨ ਲਈ 54 ਬਿਲੀਅਨ ਡਾਲਰ ਦੇ ਵਾਧੂ ਬਜਟ ਨੂੰ ਮਨਜ਼ੂਰੀ ਦਿੰਦਾ ਹੈ। ਇਹ ਬਿੱਲ ਸੈਮੀਕੰਡਕਟਰ ਨਿਰਮਾਣ ਨੂੰ ਸਬਸਿਡੀ ਦੇਣ ਲਈ ਪੰਜ ਸਾਲਾਂ ਵਿਚ 50 ਬਿਲੀਅਨ ਡਾਲਰ ਤੋਂ ਵੱਧ ਰਾਸ਼ੀ ਦੇਵੇਗਾ, ਜਿਸ ਦਾ ਉਦੇਸ਼ ਚੀਨ ਨਾਲ ਮੁਕਾਬਲਾ ਕਰਨਾ ਅਤੇ ਗਲੋਬਲ ਚਿਪ ਦੀ ਕਮੀ ਨੂੰ ਦੂਰ ਕਰਨਾ ਹੈ।
ਨੋਟ- ਅਮਰੀਕਾ ਦੀ ਡ੍ਰੈਗਨ ਨਾਲ ਨਜਿੱਠਣ ਦੀ ਵੱਡੀ ਤਿਆਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।