ਬਰਾਕ ਓਬਾਮਾ ਨੇ 7 ਸਾਲਾਂ ''ਚ 933 ਜਦਕਿ ਟਰੰਪ ਨੇ 3 ਸਾਲਾਂ ''ਚ ਕੀਤੀਆਂ 4560 ਯਾਤਰਾਵਾਂ
Saturday, Jun 13, 2020 - 06:15 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਆਪਣੀਆਂ ਯਾਤਰਾਵਾਂ ਕਾਰਨ ਸੁਰਖੀਆਂ ਵਿਚ ਹਨ। ਅਸਲ ਵਿਚ ਟਰੰਪ ਅਤੇ ਉਹਨਾਂ ਦਾ ਪਰਿਵਾਰ ਸਰਕਾਰੀ ਸਹੂਲਤਾਂ ਦੀ ਵੱਡੇ ਪੱਧਰ 'ਤੇ ਵਰਤੋਂ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਉਹ 3 ਸਾਲ ਤੋਂ ਲਗਾਤਾਰ ਸਾਲ ਭਰ ਵਿਚ ਇਕ ਹਜ਼ਾਰ ਤੋਂ ਵਧੇਰੇ ਯਾਤਰਾਵਾਂ ਕਰ ਰਹੇ ਹਨ। 3 ਸਾਲ ਵਿਚ ਉਹ 4560 ਯਾਤਰਾਵਾਂ ਕਰ ਚੁੱਕੇ ਹਨ ਜਦਕਿ ਓਬਾਮਾ ਪਰਿਵਾਰ ਨੇ 2010 ਤੋਂ 2016 ਤੱਕ ਦੇ ਕਾਰਜਕਾਲ ਦੌਰਾਨ ਸਿਰਫ 933 ਯਾਤਰਾਵਾਂ ਹੀ ਕੀਤੀਆਂ ਸਨ। ਇਹ ਖੁਲਾਸਾ ਖਜ਼ਾਨਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਜਟ ਦੇ ਵਿਸ਼ਲੇਸ਼ਣ ਤੋਂ ਹੋਇਆ ਹੈ।
ਸਾਲ ਯਾਤਰਾਵਾਂ
2017 1311
2018 1633
2019 1616
Citizen for Responsibility and Ethics in Washington (CREW-Crew) ਦੇ ਵਿਸ਼ਲੇਸ਼ਣ ਦੇ ਮੁਤਾਬਕ ਇਹਨਾਂ ਯਾਤਰਾਵਾਂ ਅਤੇ ਸੁਰੱਖਿਆ 'ਤੇ ਕਰੋੜਾਂ ਰੁਪਏ ਖਰਚ ਹੋਏ ਹਨ। ਇਹਨਾਂ ਦੇ ਅੰਕੜੇ ਸਾਹਮਣੇ ਨਹੀਂ ਆਏ ਹਨ। ਇਕ ਅਧਿਕਾਰੀ ਦੇ ਮੁਤਾਬਕ ਮੰਗੋਲੀਆ ਦੌਰੇ ਦੇ ਦੌਰਾਨ ਟਰੰਪ ਦੇ ਬੇਟੇ ਨੇ ਇਕ ਲੁਪਤ ਹੋ ਰਹੀ ਭੇਡ ਦਾ ਸ਼ਿਕਾਰ ਕੀਤਾ ਸੀ। ਇਸ ਲਈ ਮੰਗੋਲੀਆ ਦੇ ਰਾਸ਼ਟਰਪਤੀ ਤੋਂ ਵਿਸ਼ੇਸ਼ ਇਜਾਜ਼ਤ ਲਈ ਗਈ ਸੀ ਅਤੇ ਇਸ 'ਤੇ ਲੱਗਭਗ 57 ਲੱਖ ਰੁਪਏ ਦਾ ਖਰਚ ਆਇਆ ਸੀ।
ਟਰੰਪ ਪਰਿਵਾਰ ਦੀਆਂ ਜ਼ਿਆਦਾ ਯਾਤਰਾਵਾਂ ਨੂੰ ਇਸ ਤੱਥ ਨਾਲ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਦੇ ਬੇਟੇ ਐਰਿਕ ਅਤੇ ਟਰੰਪ ਜੂਨੀਅਰ ਨੇ ਇਹਨਾਂ ਦੀ ਵਰਤੋਂ ਆਪਣੇ ਕਾਰੋਬਾਰ ਨੂੰ ਵਧਾਵਾ ਦੇਣ ਦੇ ਲਈ ਕੀਤੀ ਹੈ। ਸੀਕਰਟ ਸਰਵਿਸ ਨੇ 2020-21 ਦੀ ਬਜਟ ਅਪੀਲ ਵਿਚ ਅਜਿਹੇ ਕੁਝ ਖਰਚਿਆਂ ਨੂੰ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਜਿਹਨਾਂ ਵਿਚ ਵੱਡੇ ਬਜਟ ਦੀ ਲੋੜ ਹੁੰਦੀ ਹੈ। ਟਰੰਪ ਪਰਿਵਾਰ ਦੀ ਸੁਰੱਖਿਆ ਲਈ 2017 ਵਿਚ 204 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਸੀਕਰਟ ਸਰਵਿਸ ਨੇ ਇਸ ਨੂੰ ਘੱਟ ਦੱਸਦੇ ਹੋਏ 456 ਕਰੋੜ ਰੁਪਏ ਕਰਨ ਦੀ ਮੰਗ ਕੀਤੀ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਪਰਿਵਾਰ ਭਾਵੇਂ ਸੁਰੱਖਿਆ ਦਾ ਹੱਕਦਾਰ ਹੈ ਪਰ ਸਾਬਕਾ ਰਾਸ਼ਟਰਪਤੀਆਂ ਦੀ ਤੁਲਨਾ ਵਿਚ ਇਹ ਖਰਚ 10 ਗੁਣਾ ਜ਼ਿਆਦਾ ਹੈ ,ਜਿਸ ਦਾ ਬੋਝ ਟੈਕਸ ਦੇਣ ਵਾਲਿਆਂ 'ਤੇ ਪੈ ਰਿਹਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪਰਿਵਾਰ ਨੇ 2010 ਤੋਂ 2016 ਦੇ ਵਿਚ ਇਕ ਸਾਲ ਵਿਚ ਵੱਧ ਤੋਂ ਵੱਧ 147 ਯਾਤਰਾਵਾਂ ਕੀਤੀਆਂ ਸਨ ਜਦਕਿ ਟਰੰਪ ਪਰਿਵਾਰ 2017 ਤੋਂ ਹੁਣ ਤੱਕ ਹਰੇਕ ਸਾਲ 1300 ਤੋਂ ਵਧੇਰੇ ਯਾਤਰਾਵਾਂ ਕਰ ਰਿਹਾ ਹੈ। ਜੋ ਓਬਾਮਾ ਦੀਆਂ ਯਾਤਰਾਵਾਂ ਨਾਲੋਂ 12 ਗੁਣਾ ਜ਼ਿਆਦਾ ਹੈ।