ਅਮਰੀਕਾ : ਟੈਕਸਾਸ ਦੀ ਇੱਕ ਕੰਪਨੀ ’ਚ ਅਚਾਨਕ ਚੱਲੀਆਂ ਗੋਲੀਆਂ ਕਾਰਨ ਮਚੀ ਹਫੜਾ-ਦਫੜੀ , 1 ਦੀ ਮੌਤ

Saturday, Apr 10, 2021 - 12:30 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸੂਬੇ ਟੈਕਸਾਸ ’ਚ ਵੀਰਵਾਰ ਦੁਪਹਿਰ ਨੂੰ ਬ੍ਰਾਇਨ ਸ਼ਹਿਰ ’ਚ ਕੈਬਿਨੇਟ ਬਣਾਉਣ ਵਾਲੀ ਕੰਪਨੀ ’ਚ ਅਚਾਨਕ ਗੋਲੀਆਂ ਚੱਲ ਗਈਆਂ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਘੱਟੋ-ਘੱਟ ਛੇ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ। ਇਸ ਦੇ ਨਾਲ ਹੀ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਫੜਨ ਦੌਰਾਨ ਵਿਭਾਗ ਦੇ ਪਬਲਿਕ ਸੇਫਟੀ ਅਧਿਕਾਰੀ ਨੂੰ ਵੀ ਗੋਲੀ ਲੱਗੀ।

ਬ੍ਰਾਇਨ ਪੁਲਸ ਵਿਭਾਗ ਦੇ ਮੁਖੀ ਏਰਿਕ ਬੁਸਕੇ ਨੇ ਦੱਸਿਆ ਕਿ ਕੈਂਟ ਮੂਰ ਕੈਬਿਨੇਟ ਕੰਪਨੀ ’ਚ ਹੋਈ ਗੋਲੀਬਾਰੀ ਵਿੱਚ ਚਾਰ ਲੋਕ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਸੇਂਟ ਜੋਸਫ ਖੇਤਰੀ ਹਸਪਤਾਲ ਲਿਜਾਇਆ ਗਿਆ। ਇੱਕ ਹੋਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ ਗੋਲੀਬਾਰੀ ਦੇ ਪੀੜਤ ਇੱਕ ਵਿਅਕਤੀ ਨੂੰ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਗੋਲੀਬਾਰੀ ਦੇ ਸਬੰਧ ਵਿੱਚ ਪੁਲਸ ਨੇ ਟੈਕਸਾਸ ਦੇ ਆਇਓਲਾ ਨਾਲ ਸਬੰਧਿਤ 27 ਸਾਲਾ ਲੈਰੀ ਬੋਲਿਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਉੱਤੇ ਕਤਲ ਦਾ ਇਲਜ਼ਾਮ ਲਾਇਆ। ਜੇਲ ਦੇ ਰਿਕਾਰਡ ਅਨੁਸਾਰ ਉਸ ਨੂੰ 10 ਲੱਖ ਡਾਲਰ ਦੇ ਬਾਂਡ ’ਤੇ ਰੱਖਿਆ ਗਿਆ ਹੈ। ਇਹ ਦੋਸ਼ੀ ਵਿਅਕਤੀ ਬੋਲਿਨ ਕੈਂਟ ਮੂਰ ਕੈਬਿਨੇਟਸ ਦਾ ਹੀ ਇੱਕ ਕਰਮਚਾਰੀ ਹੈ।

ਪੁਲਸ ਅਨੁਸਾਰ ਹਮਲਾਵਰ ਘਟਨਾ ਸਥਾਨ ਤੋਂ ਭੱਜ ਗਿਆ ਸੀ, ਜਿਸ ਨੂੰ  ਬਾਅਦ ’ਚ ਗਰਿਮਜ਼ ਕਾਊਂਟੀ ’ਚੋਂ ਹਿਰਾਸਤ ’ਚ ਲੈ ਲਿਆ ਗਿਆ ਸੀ। ਇਸ ਘਟਨਾ ਨਾਲ ਸਬੰਧਿਤ ਇੱਕ ਹੋਰ ਵਿਅਕਤੀ ਨੂੰ ਦਮੇ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਵੱਡੇ ਗੋਦਾਮ ’ਚ ਗੋਲੀਬਾਰੀ ਕਰਨ ਤੋਂ ਪਹਿਲਾਂ ਕੁਝ ਨਹੀਂ ਕਿਹਾ । ਇਸ ਘਟਨਾ ਸਬੰਧੀ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਅਨੁਸਾਰ ਗੋਲੀਬਾਰੀ ਦੀ ਜਾਂਚ ਲਈ ਟੈਕਸਾਸ ਦੇ ਜਨਤਕ ਸੁਰੱਖਿਆ ਵਿਭਾਗ ਅਤੇ ਟੈਕਸਾਸ ਰੇਂਜਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।


Anuradha

Content Editor

Related News