ਅਮਰੀਕਾ ਜਾਣ ਵਾਲਿਆਂ ਦੇ ਸੁਪਨੇ ਨੂੰ ਝਟਕਾ, ਕਰੀਬ 3 ਲੱਖ ਲੋਕ ਗਰੀਬੀ ''ਚ ਬਿਤਾ ਰਹੇ ਜ਼ਿੰਦਗੀ
Friday, Oct 02, 2020 - 06:31 PM (IST)

ਵਾਸ਼ਿੰਗਟਨ (ਬਿਊਰੋ) ਵੱਡੀ ਗਿਣਤੀ ਵਿਚ ਜ਼ਿਆਦਾਤਰ ਭਾਰਤੀਆਂ ਦਾ ਸੁਪਨਾ ਅਮਰੀਕਾ ਵਿਚ ਵਸਣ ਦਾ ਹੁੰਦਾ ਹੈ। ਭਾਵੇਂਕਿ ਹੁਣ ਅਮਰੀਕਾ ਸਬੰਧੀ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਅਮਰੀਕਾ ਵਿਚ ਰਹਿ ਰਹੇ 42 ਲੱਖ ਭਾਰਤੀ-ਅਮਰੀਕੀਆਂ ਵਿਚੋਂ ਕਰੀਬ 6.5 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਗੁਜਾਰਾ ਕਰ ਰਹੇ ਹਨ। ਕੋਵਿਡ-19 ਮਹਾਮਾਰੀ ਕਾਰਨ ਭਾਈਚਾਰੇ ਵਿਚ ਗਰੀਬੀ ਵਧਣ ਦਾ ਖਦਸ਼ਾ ਹੈ।
ਇਹ ਤੱਥ ਹਾਲ ਹੀ ਵਿਚ ਹੋਏ ਇਕ ਸ਼ੋਧ ਵਿਚ ਸਾਹਮਣੇ ਆਇਆ ਹੈ।ਜਾਨ ਹਾਪਕਿਨਜ਼ ਸਥਿਤ ਪਾਲ ਨੀਤਜ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਦੇਵੇਸ਼ ਕਪੂਰ ਅਤੇ ਜਸ਼ਨ ਬਾਜਵਾਤ ਵੱਲੋਂ 'ਭਾਰਤੀ-ਅਮਰੀਕੀ ਆਬਾਦੀ ਵਿਚ ਗਰੀਬੀ' ਵਿਸ਼ੇ 'ਤੇ ਕੀਤੇ ਗਏ ਸ਼ੋਧ ਦੇ ਨਤੀਜਿਆਂ ਨੂੰ ਵੀਰਵਾਰ ਨੂੰ ਇੰਡੀਆਸਪੋਰਾ ਪਰੋਪਕਾਰ ਸੰਮੇਲਨ-2020 ਵਿਚ ਜਾਰੀ ਕੀਤਾ ਗਿਆ। ਕਪੂਰ ਨੇ ਕਿਹਾ ਕਿ ਬੰਗਾਲੀ ਅਤੇ ਪੰਜਾਬੀ ਭਾਸ਼ਾ ਬੋਲਣ ਵਾਲੇ ਭਾਰਤੀ-ਅਮਰੀਕੀ ਲੋਕਾਂ ਵਿਚ ਗਰੀਬੀ ਜ਼ਿਆਦਾ ਹੈ।
ਕਰੀਬ 20 ਫੀਸਦੀ ਲੋਕਾਂ ਕੋਲ ਅਮਰੀਕੀ ਨਾਗਰਿਕਤਾ ਨਹੀਂ
ਕਪੂਰ ਨੇ ਕਿਹਾ ਕਿ ਇਹਨਾਂ ਵਿਚੋਂ ਇਕ ਤਿਹਾਈ ਕਿਰਤ ਬਲ ਦਾ ਹਿੱਸਾ ਨਹੀਂ ਹਨ ਜਦਕਿ ਕਰੀਬ 20 ਫੀਸਦੀ ਲੋਕਾਂ ਦੇ ਕੋਲ ਅਮਰੀਕੀ ਨਾਗਰਿਕਤਾ ਵੀ ਨਹੀਂ ਹੈ। ਇੰਡੀਆਸਪੋਰਾ ਦੇ ਸੰਸਥਾਪਕ ਐੱਮ.ਆਰ. ਰੰਗਾਸਵਾਮੀ ਨੇ ਕਿਹਾ,''ਇਸ ਰਿਪੋਰਟ ਦੇ ਨਾਲ, ਅਸੀਂ ਸਭ ਤੋਂ ਵੱਧ ਪਛੜੇ ਹੋਏ ਭਾਰਤੀ ਅਮਰੀਕੀਆਂ ਦੀ ਹਾਲਤ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ।'' ਰੰਗਾਸਵਾਮੀ ਨੇ ਕਿਹਾ ਕਿ ਕੋਵਿਡ-19 ਦੇ ਸਿਹਤ ਅਤੇ ਅਰਥਵਿਵਸਥਾ 'ਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਉਚਿਤ ਸਮਾਂ ਹੈ ਕਿ ਆਮਤੌਰ 'ਤੇ ਸੰਪੰਨ ਮੰਨੇ ਜਾਣ ਵਾਲੇ ਸਾਡੇ ਭਾਈਚਾਰੇ ਵਿਚ ਮੌਜੂਦ ਗਰੀਬੀ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਇਸ ਮੁੱਦੇ ਨੂੰ ਚੁੱਕਿਆ ਜਾਵੇ।
ਰੰਗਾਸਵਾਮੀ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਰਿਪੋਰਟ ਨਾਲ ਇਸ ਵਿਸ਼ੇ ਵੱਲ ਧਿਆਨ ਆਕਰਸ਼ਿਤ ਹੋਵੇਗਾ ਅਤੇ ਸਕਰਾਤਮਕ ਤਬਦੀਲੀ ਲਿਆਉਣ ਲਈ ਸਖਤ ਕਦਮ ਚੁੱਕੇ ਜਾਣਗੇ। ਕਪੂਰ ਦੇ ਮੁਤਾਬਕ, ਅਧਿਐਨ ਨਾਲ ਭਾਰਤੀ ਅਮਰੀਕੀ ਭਾਈਚਾਰੇ ਵਿਚ ਗਰੀਬੀ ਦੀ ਵਿਸਤ੍ਰਿਤ ਸਥਿਤੀ ਦਾ ਪਤਾ ਚੱਲਿਆ ਹੈ। ਭਾਵੇਂਕਿ ਗੋਰੇ, ਗੈਰ ਗੋਰੇ ਅਤੇ ਹਿਸਪੈਨਿਕ ਅਮਰੀਕੀ ਭਾਈਚਾਰੇ ਦੇ ਮੁਕਾਬਲੇ ਭਾਰਤੀ ਅਮਰੀਕੀਆਂ ਦੇ ਗਰੀਬੀ ਦਾ ਸਾਹਮਣਾ ਕਰਨ ਦੀ ਸੰਭਾਵਨਾ ਘੱਟ ਹੈ।