ਅਮਰੀਕਾ : ਕੈਲੀਫੋਰਨੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੜਕੀਆਂ ਦੀ ਗਈ ਜਾਨ
Wednesday, Jun 09, 2021 - 08:54 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ’ਚ ਸ਼ਨੀਵਾਰ ਰਾਤ ਨੂੰ ਹੋਏ ਇੱਕ ‘ਹਿੱਟ ਐਂਡ ਰਨ’ ਸੜਕ ਹਾਦਸੇ ’ਚ ਤਿੰਨ ਮਿਡਲ ਸਕੂਲੀ ਲੜਕੀਆਂ ਦੀ ਮੌਤ ਅਤੇ ਇੱਕ ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਇਸ ਮਾਮਲੇ ਬਾਰੇ ਪੁਲਸ ਨੇ ਦੱਸਿਆ ਕਿ ਸਾਊਥ ਕੈਲੀਫੋਰਨੀਆ ’ਚ ਸੜਕ ’ਤੇ ਤੁਰਦੇ ਸਮੇਂ ਇੱਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ
ਪੁਲਸ ਵੱਲੋਂ ਇਸ ਸ਼ੱਕੀ ‘ਹਿੱਟ ਐਂਡ ਰਨ’ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ ਤਿੰਨ ਬੱਚੀਆਂ ਦੀ ਜਾਨ ਲੈ ਲਈ ਅਤੇ ਇੱਕ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ. ਐੱਚ. ਪੀ.) ਨੇ ਜਾਣਕਾਰੀ ਦਿੱਤੀ ਕਿ ਇਸ ਘਟਨਾ ’ਚ ਚਾਰ ਜਵਾਨ ਲੜਕੀਆਂ, ਜਿਨ੍ਹਾਂ ’ਚੋਂ ਦੋ ਵੀਲ੍ਹ ਚੇਅਰਜ਼ ਉੱਤੇ ਸਨ, ਕੈਂਪ ਰਾਕ ਰੋਡ ’ਤੇ ਪੈਦਲ ਜਾ ਰਹੀਆਂ ਸਨ। ਇਸ ਦੌਰਾਨ ਰਾਤ 10:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਚਿੱਟੇ ਰੰਗ ਦੀ ਸ਼ੈਵਰਲੇਟ ਸਿਲਵਰਡੋ ਨੇ ਉਨ੍ਹਾਂ ਨੂੰ ਪਿਛਲੇ ਪਾਸਿਓਂ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨ ਲੜਕੀਆਂ ਦੀ ਮੌਤ ਅਤੇ ਇੱਕ ਗੰਭੀਰ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ : ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ
ਇਹ ਹਾਦਸਾ ਸੈਨ ਬਰਨਾਰਦਿਨੋ ਕਾਉਂਟੀ ’ਚ ਮੋਹਾਵੀ ਡੈਜ਼ਰਟ ਕਮਿਊਨਿਟੀ ਦੀ ਸੜਕ ਦੇ ਇੱਕ ਕਿਨਾਰੇ ’ਤੇ ਵਾਪਰਿਆ। ਜਾਣਕਾਰੀ ਅਨੁਸਾਰ ਤਿੰਨ ਕੁੜੀਆਂ ਵਿਲੋ ਸੈਂਚੇਜ਼ (11), ਡੇਟੋਨਾ ਬ੍ਰੋਨਸ (12) ਅਤੇ ਸੈਂਡਰਾ ਮਾਈਜ਼ਰ (13) ਦੀ ਮੌਕੇ 'ਤੇ ਮੌਤ ਹੋ ਗਈ। ਸੈਨ ਬਰਨਾਰਦਿਨੋ ਦੇ ਪੁਲਸ ਵਿਭਾਗ ਦੀ ਕੋਰੋਨਰਜ਼ ਡਵੀਜ਼ਨ ਨੇ ਸੋਮਵਾਰ ਸਵੇਰੇ ਇਨ੍ਹਾਂ ਦੇ ਨਾਂ ਜਾਰੀ ਕੀਤੇ। ਇਸ ਹਾਦਸੇ ’ਚ ਬਚੀ ਲੜਕੀ 14 ਸਾਲਾ ਨੈਟਲੀ ਕੋਲ ਨੂੰ ਗੰਭੀਰ ਹਾਲਤ ’ਚ ਲੋਮਾ ਲਿੰਡਾ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਲੋਕਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਲੜਕੀਆਂ ਨੂੰ ਦੇਖ ਕੇ ਵਾਹਨ ਵਿਚਲੇ ਲੋਕ ਭੱਜ ਗਏ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।