ਅਮਰੀਕਾ ਨੂੰ ਵੱਡਾ ਝਟਕਾ: ਇਰਾਨ ਦੀ ਧਮਕੀ ਮਗਰੋਂ ਪਿੱਛੇ ਹਟਿਆ ਅਮਰੀਕੀ ਜੰਗੀ ਬੇੜਾ

Saturday, Apr 11, 2026 - 09:07 PM (IST)

ਅਮਰੀਕਾ ਨੂੰ ਵੱਡਾ ਝਟਕਾ: ਇਰਾਨ ਦੀ ਧਮਕੀ ਮਗਰੋਂ ਪਿੱਛੇ ਹਟਿਆ ਅਮਰੀਕੀ ਜੰਗੀ ਬੇੜਾ

ਵਾਸ਼ਿੰਗਟਨ : ਮੱਧ ਪੂਰਬ ਵਿੱਚ ਜਾਰੀ ਖਿੱਚੋਤਾਣ ਦਰਮਿਆਨ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਰਾਨ ਦੀ ਸਖ਼ਤ ਚਿਤਾਵਨੀ ਤੋਂ ਬਾਅਦ ਇੱਕ ਅਮਰੀਕੀ ਜੰਗੀ ਬੇੜੇ ਨੂੰ ਹੋਰਮੁਜ਼ ਜਲਡਮਰੂ ਤੋਂ ਵਾਪਸ ਮੁੜਨਾ ਪਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਅਮਰੀਕਾ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ।

ਇਰਾਨ ਦੇ ਸਰਕਾਰੀ ਟੀਵੀ ਅਨੁਸਾਰ, ਇਰਾਨੀ ਫੌਜ ਨੇ ਅਮਰੀਕੀ ਜਹਾਜ਼ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਹੋਰਮੁਜ਼ ਜਲਡਮਰੂ ਨੂੰ ਪਾਰ ਕੀਤਾ, ਤਾਂ ਉਸ 'ਤੇ 30 ਮਿੰਟਾਂ ਦੇ ਅੰਦਰ ਹਮਲਾ ਕਰ ਦਿੱਤਾ ਜਾਵੇਗਾ। ਸੀਨੀਅਰ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਖ਼ਤ ਚਿਤਾਵਨੀ ਤੋਂ ਤੁਰੰਤ ਬਾਅਦ ਅਮਰੀਕੀ ਨੌਸੈਨਿਕ ਜਹਾਜ਼ ਵਾਪਸ ਚਲਾ ਗਿਆ। ਇਰਾਨੀ ਮੀਡੀਆ ਦਾ ਮੰਨਣਾ ਹੈ ਕਿ ਇਹ ਘਟਨਾ ਦਿਖਾਉਂਦੀ ਹੈ ਕਿ ਇਸ ਰਸਤੇ 'ਤੇ ਅਜੇ ਵੀ ਇਰਾਨ ਦੀ ਪਕੜ ਮਜ਼ਬੂਤ ਹੈ।

ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਅਮਰੀਕਾ ਇਸ ਜਲ ਮਾਰਗ ਨੂੰ ਸਾਫ਼ ਕਰ ਰਿਹਾ ਹੈ ਤਾਂ ਜੋ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਜਰਮਨੀ ਵਰਗੇ ਦੇਸ਼ਾਂ ਨੂੰ ਫਾਇਦਾ ਹੋ ਸਕੇ। ਟਰੰਪ ਨੇ ਇਨ੍ਹਾਂ ਦੇਸ਼ਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਉਹ ਖੁਦ ਇਹ ਕੰਮ ਕਰਨ ਦੀ ਹਿੰਮਤ ਨਹੀਂ ਦਿਖਾ ਪਾ ਰਹੇ। ਹਾਲਾਂਕਿ, ਅਮਰੀਕੀ ਜਹਾਜ਼ ਦੇ ਪਿੱਛੇ ਹਟਣ ਨਾਲ ਟਰੰਪ ਦੇ ਇਨ੍ਹਾਂ ਦਾਅਵਿਆਂ ਅਤੇ ਅਮਰੀਕੀ ਰਣਨੀਤੀ 'ਤੇ ਸਵਾਲ ਖੜ੍ਹੇ ਹੋ ਗਏ ਹਨ।

ਹੋਰਮੁਜ਼ ਜਲਡਮਰੂ ਦੁਨੀਆ ਦਾ ਸਭ ਤੋਂ ਅਹਿਮ ਸਮੁੰਦਰੀ ਰਸਤਾ ਹੈ, ਜਿੱਥੋਂ ਵਿਸ਼ਵ ਦੀ ਲਗਭਗ 20% ਤੇਲ ਸਪਲਾਈ ਹੁੰਦੀ ਹੈ। ਇੱਥੇ ਵਧ ਰਹੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਇਸ ਦੇ ਸਿੱਧੇ ਅਸਰ ਵਜੋਂ ਅਮਰੀਕਾ ਵਿੱਚ ਮਹਿੰਗਾਈ ਦਰ ਚਾਰ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ ਅਤੇ ਸ਼ੇਅਰ ਬਾਜ਼ਾਰ ਵਿੱਚ ਵੀ ਅਸਥਿਰਤਾ ਬਣੀ ਹੋਈ ਹੈ।

ਦੂਜੇ ਪਾਸੇ, ਇਸ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਗੱਲਬਾਤ ਵੀ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਉਪ ਰਾਸ਼ਟਰਪਤੀ ਜੇਡੀ ਵਾਂਸ ਕਰ ਰਹੇ ਹਨ, ਜਦਕਿ ਇਰਾਨ ਵੱਲੋਂ ਸੰਸਦ ਸਪੀਕਰ ਮੁਹੰਮਦ ਬਾਕਰ ਗਾਲੀਬਾਫ਼ ਸ਼ਾਮਲ ਹਨ। ਰੱਖਿਆ ਮਾਹਿਰਾਂ ਅਨੁਸਾਰ, ਹੋਰਮੁਜ਼ ਜਲਡਮਰੂ 'ਤੇ ਕੰਟਰੋਲ ਹੀ ਇਰਾਨ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸ ਕਾਰਨ ਉਹ ਗੱਲਬਾਤ ਦੀ ਮੇਜ਼ 'ਤੇ ਅਮਰੀਕਾ 'ਤੇ ਦਬਾਅ ਬਣਾ ਰਿਹਾ ਹੈ।
 


author

Inder Prajapati

Content Editor

Related News