30 ਸਾਲ ਪੁਰਾਣੇ ਕੇਸ ਦੇ ਬਹਾਨੇ ਹੁਣ ਇਸ ਦੇਸ਼ ''ਤੇ ਹਮਲਾ ਕਰਨ ਦੀ ਤਿਆਰੀ ''ਚ ਅਮਰੀਕਾ ! ਭੇਜ''ਤੇ ਜੰਗੀ ਬੇੜੇ
Thursday, May 21, 2026 - 03:59 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਇਕ ਪਾਸੇ ਜਿੱਥੇ ਇਰਾਨ ਨਾਲ ਜੰਗ ਲੜਨ ਤੋਂ ਬਾਅਦ ਇਸ ਨੂੰ ਹੁਣ ਖ਼ਤਮ ਕਰਨ ਵੱਲ ਕਦਮ ਚੁੱਕ ਰਿਹਾ ਹੈ, ਉੱਥੇ ਹੀ ਅਮਰੀਕਾ ਦੇ ਨਿਆਂ ਮੰਤਰਾਲੇ ਨੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਕ੍ਰਾਂਤੀਕਾਰੀ ਆਗੂ ਫਿਦੇਲ ਕਾਸਤਰੋ ਦੇ ਭਰਾ ਰਾਊਲ ਕਾਸਤਰੋ (94) ਖ਼ਿਲਾਫ਼ ਮਿਆਮੀ ਦੀ ਅਦਾਲਤ 'ਚ ਕਤਲ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ਾਂ ਤਹਿਤ ਅਪਰਾਧਿਕ ਮੁਕੱਦਮਾ ਦਰਜ ਕੀਤਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਕਿਊਬਾ ਦੇ ਕਮਿਊਨਿਸਟ ਸ਼ਾਸਨ ਨੂੰ ਸੱਤਾ ਤੋਂ ਲਾਹੁਣ ਦੀ ਮੁਹਿੰਮ ਤਹਿਤ ਇਸ ਨੂੰ ਬਹੁਤ ਵੱਡਾ ਕੂਟਨੀਤਕ ਕਦਮ ਮੰਨਿਆ ਜਾ ਰਿਹਾ ਹੈ।
ਇਹ ਮਾਮਲਾ 24 ਫਰਵਰੀ 1996 ਦਾ ਹੈ, ਜਦੋਂ ਰਾਊਲ ਕਾਸਤਰੋ ਕਿਊਬਾ ਦੇ ਰੱਖਿਆ ਮੰਤਰੀ ਸਨ। ਦੋਸ਼ਾਂ ਮੁਤਾਬਕ, ਉਨ੍ਹਾਂ ਦੇ ਹੁਕਮਾਂ 'ਤੇ ਕਿਊਬਾ ਦੇ MiG-29 ਲੜਾਕੂ ਜਹਾਜ਼ਾਂ ਨੇ ਅਮਰੀਕਾ ਦੇ 'ਬ੍ਰਦਰਜ਼ ਟੂ ਦ ਰੈਸਕਿਊ' ਨਾਮਕ ਮਾਨਵਤਾਵਾਦੀ ਸੰਗਠਨ ਦੇ ਦੋ ਛੋਟੇ ਨਾਗਰਿਕ ਜਹਾਜ਼ਾਂ ਨੂੰ ਮਿਜ਼ਾਈਲਾਂ ਨਾਲ ਹਵਾ ਵਿੱਚ ਹੀ ਉਡਾ ਦਿੱਤਾ ਸੀ। ਇਸ ਹਮਲੇ ਵਿੱਚ 4 ਅਮਰੀਕੀ ਪਾਇਲਟਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ
ਇਸ ਕਾਰਵਾਈ ਤੋਂ ਤੁਰੰਤ ਬਾਅਦ ਅਮਰੀਕੀ ਮਿਲਟਰੀ ਦਾ ਪਰਮਾਣੂ ਜਹਾਜ਼ 'ਯੂ.ਐੱਸ.ਐੱਸ. ਨਿਮਿਟਜ਼' ਆਪਣੇ ਜੰਗੀ ਬੇੜਿਆਂ ਸਮੇਤ ਕੈਰੀਬੀਅਨ ਸਾਗਰ ਪਹੁੰਚ ਗਿਆ ਹੈ, ਜਿਸ ਕਾਰਨ ਕਿਊਬਾ 'ਤੇ ਸੰਭਾਵੀ ਫ਼ੌਜੀ ਹਮਲੇ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਿਊਬਾ ਦੇ ਮੌਜੂਦਾ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਅਮਰੀਕਾ ਕਿਊਬਾ 'ਤੇ ਫ਼ੌਜੀ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਇਹ ਸਭ ਕਰ ਰਿਹਾ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਇੱਕ ਇਤਿਹਾਸਕ ਪਲ ਦੱਸਿਆ ਹੈ, ਪਰ ਨਾਲ ਹੀ ਫਿਲਹਾਲ ਕਿਊਬਾ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਸਿੱਧੇ ਫ਼ੌਜੀ ਹਮਲੇ ਜਾਂ ਜੰਗ ਦੀ ਲੋੜ ਤੋਂ ਇਨਕਾਰ ਕੀਤਾ ਹੈ। ਮਾਹਿਰਾਂ ਮੁਤਾਬਕ, ਰਾਊਲ ਕਾਸਤਰੋ ਕਿਊਬਾ ਵਿੱਚ ਰਹਿ ਰਹੇ ਹਨ, ਇਸ ਲਈ ਉਨ੍ਹਾਂ ਦੀ ਅਮਰੀਕਾ ਹਵਾਲਗੀ ਹੋਣਾ ਅਸੰਭਵ ਹੈ, ਪਰ ਅਮਰੀਕਾ ਇਸ ਰਾਹੀਂ ਕਿਊਬਾ ਸਰਕਾਰ 'ਤੇ ਵੱਡਾ ਕੌਮਾਂਤਰੀ ਦਬਾਅ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ਅਫ਼ਰੀਕਾ ਮਗਰੋਂ ਹੁਣ ਭਾਰਤ 'ਤੇ ਮੰਡਰਾਉਣ ਲੱਗਾ 'ਇਬੋਲਾ' ਦਾ ਖ਼ਤਰਾ ! Alert 'ਤੇ ਦਿੱਲੀ ਏਅਰਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
