''ਅਖ਼ੀਰ ''ਚ ਸਭ ਠੀਕ ਹੋ ਜਾਵੇਗਾ..!'' ਇਰਾਨ ''ਤੇ ਮੁੜ ਹਮਲੇ ਮਗਰੋਂ ਟਰੰਪ ਦਾ ਵੱਡਾ ਬਿਆਨ

Monday, Jun 01, 2026 - 02:10 PM (IST)

''ਅਖ਼ੀਰ ''ਚ ਸਭ ਠੀਕ ਹੋ ਜਾਵੇਗਾ..!'' ਇਰਾਨ ''ਤੇ ਮੁੜ ਹਮਲੇ ਮਗਰੋਂ ਟਰੰਪ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ, ਜੋ ਕਾਫ਼ੀ ਦਿਨਾਂ ਤੋਂ ਸ਼ਾਂਤ ਸੀ, ਦੇ ਮੁੜ ਸ਼ੁਰੂ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧਾ ਫ਼ੌਜੀ ਟਕਰਾਅ ਮੁੜ ਬਹੁਤ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਇਸੇ ਦੌਰਾਨ ਅਮਰੀਕੀ ਫ਼ੌਜ ਦੀ ਸੈਂਟਰਲ ਕਮਾਂਡ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਇਰਾਨ ਦੇ ਗੇਰੁਕ ਸ਼ਹਿਰ ਅਤੇ ਕੇਸ਼ਮ ਟਾਪੂ ਦੇ ਆਸ-ਪਾਸ ਸਥਿਤ ਫ਼ੌਜੀ ਟਿਕਾਣਿਆਂ 'ਤੇ ਜ਼ੋਰਦਾਰ ਬੰਬਾਰੀ ਕੀਤੀ ਹੈ। ਇਹ ਕਾਰਵਾਈ ਪਿਛਲੇ ਹਫ਼ਤੇ ਇਰਾਨ ਵੱਲੋਂ ਅਮਰੀਕਾ ਦੇ 'MQ-1 ਪ੍ਰੀਡੇਟਰ' ਡਰੋਨ ਨੂੰ ਡੇਗਣ ਦੇ ਜਵਾਬ ਵਿੱਚ ਕੀਤੀ ਗਈ ਹੈ। ਇਸੇ ਦੌਰਾਨ ਕੁਵੈਤ 'ਤੇ ਵੀ ਵੱਡੇ ਡਰੋਨ ਅਤੇ ਮਿਜ਼ਾਈਲ ਹਮਲੇ ਹੋਏ ਹਨ, ਜਿਸ ਕਾਰਨ ਪੂਰੇ ਖੇਤਰ ਵਿੱਚ ਹਾਹਾਕਾਰ ਮਚ ਗਈ ਹੈ।

ਅਮਰੀਕੀ ਸੈਂਟਰਲ ਕਮਾਂਡ ਮੁਤਾਬਕ, ਉਨ੍ਹਾਂ ਦੇ ਲੜਾਕੂ ਜਹਾਜ਼ਾਂ ਨੇ ਸਟੀਕ ਨਿਸ਼ਾਨਾ ਲਗਾ ਕੇ ਇਰਾਨੀ ਏਅਰ ਡਿਫੈਂਸ ਸਿਸਟਮ, ਇੱਕ ਗਰਾਊਂਡ ਕੰਟਰੋਲ ਸਟੇਸ਼ਨ ਅਤੇ ਦੋ ਅਜਿਹੇ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ, ਜੋ ਅੰਤਰਰਾਸ਼ਟਰੀ ਸਮੁੰਦਰੀ ਮਾਰਗ ਤੋਂ ਲੰਘਣ ਵਾਲੇ ਜਹਾਜ਼ਾਂ ਲਈ ਖ਼ਤਰਾ ਬਣੇ ਹੋਏ ਸਨ। ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਇਹ ਸੋਚੀ-ਸਮਝੀ ਕਾਰਵਾਈ ਸੀ ਅਤੇ ਇਸ ਵਿੱਚ ਕੋਈ ਵੀ ਅਮਰੀਕੀ ਸੈਨਿਕ ਜ਼ਖ਼ਮੀ ਨਹੀਂ ਹੋਇਆ ਹੈ। ਦੂਜੇ ਪਾਸੇ, ਇਰਾਨ ਦੇ ਸੁਰੱਖਿਆ ਬਲਾਂ ਨੇ ਮੰਨਿਆ ਹੈ ਕਿ ਅਮਰੀਕਾ ਨੇ ਉਨ੍ਹਾਂ ਦੇ ਇੱਕ ਟੈਲੀਕਾਮ ਟਾਵਰ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਦਾ ਉਨ੍ਹਾਂ ਨੇ ਜਵਾਬੀ ਹਮਲਾ ਕਰਕੇ ਬਦਲਾ ਲਿਆ ਹੈ।

PunjabKesari

ਇਹ ਵੀ ਪੜ੍ਹੋ- ਮੁੜ ਲੱਗ ਗਈ ਜੰਗ ! ਅਮਰੀਕਾ ਨੇ ਇਰਾਨ 'ਤੇ ਕਰ'ਤਾ ਹਮਲਾ

ਇਸ ਜੰਗ ਦੀ ਲਪੇਟ ਵਿੱਚ ਹੁਣ ਗੁਆਂਢੀ ਦੇਸ਼ ਕੁਵੈਤ ਵੀ ਆ ਗਿਆ ਹੈ। ਕੁਵੈਤ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਤੜਕੇ ਉਨ੍ਹਾਂ ਦੇ ਦੇਸ਼ 'ਤੇ ਕਈ ਡਰੋਨ ਅਤੇ ਮਿਜ਼ਾਈਲ ਹਮਲੇ ਹੋਏ, ਜਿਸ ਨੂੰ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਹਵਾ ਵਿੱਚ ਹੀ ਨਾਕਾਮ ਕਰ ਦਿੱਤਾ।

ਇਸ ਤਣਾਅ ਕਾਰਨ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤੇ 'ਸਟ੍ਰੇਟ ਆਫ਼ ਹੋਰਮੁਜ਼' 'ਤੇ ਇਰਾਨ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਜਿਸ ਨਾਲ ਗਲੋਬਲ ਐਨਰਜੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਵਿਚਾਲੇ ਲਿਬਨਾਨ ਦੀ ਲਿਤਾਨੀ ਨਦੀ ਦੇ ਆਸ-ਪਾਸ ਭਿਆਨਕ ਜੰਗ ਜਾਰੀ ਹੈ।

ਭਾਵੇਂ ਕਿ ਦੋਵਾਂ ਪਾਸਿਓਂ ਇਕ ਵਾਰ ਫ਼ਿਰ ਤੋਂ ਹਮਲੇ ਸ਼ੁਰੂ ਹੋ ਗਏ ਹਨ, ਪਰ ਅਮਰੀਕਾ ਅਤੇ ਇਰਾਨ ਵਿਚਾਲੇ ਜੰਗਬੰਦੀ ਦੀ ਮਿਆਦ ਵਧਾਉਣ ਲਈ ਬੈਕਡੋਰ ਗੱਲਬਾਤ ਵੀ ਚੱਲ ਰਹੀ ਹੈ। ਇਸ ਕਾਰਵਾਈ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਤੜਕੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਇਰਾਨ ਅਸਲ 'ਚ ਇੱਕ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਇਹ ਅਮਰੀਕਾ ਤੇ ਸਾਡੇ ਸਹਿਯੋਗੀ ਦੇਸ਼ਾਂ ਲਈ ਇੱਕ ਚੰਗਾ ਸਮਝੌਤਾ ਹੋਵੇਗਾ। ਨਿਸ਼ਚਿੰਤ ਰਹੋ, ਅੰਤ ਵਿੱਚ ਸਭ ਕੁਝ ਠੀਕ ਹੋ ਜਾਵੇਗਾ। ਹਮੇਸ਼ਾ ਇੰਝ ਹੀ ਹੁੰਦਾ ਹੈ !" 

ਜ਼ਿਕਰਯੋਗ ਹੈ ਕਿ ਦੋਵਾਂ ਧਿਰਾਂ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ ਮਗਰੋਂ ਪੂਰੇ ਮਿਡਲ ਈਸਟ 'ਚ ਸਥਿਤੀ ਬੇਹੱਦ ਨਾਜ਼ੁਕ ਅਤੇ ਚਿੰਤਾਜਨਕ ਬਣੀ ਹੋਈ ਹੈ। ਅਜਿਹੇ 'ਚ ਜੰਗਬੰਦੀ ਦੀਆਂ ਚਰਚਾਵਾਂ ਨੂੰ ਵੱਡਾ ਝਟਕਾ ਲੱਗਾ ਹੈ ਤੇ ਇਲਾਕੇ 'ਚ ਜੰਗ ਦੇ ਮੁੜ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ- 250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News