ਤੇਲ ਸੰਕਟ ਹੋ ਸਕਦੈ ਹੋਰ ਡੂੰਘਾ! ਹੋਰਮੁਜ਼ ''ਚ ਫਸੇ 2,000 ਜਹਾਜ਼; ਅਮਰੀਕਾ ਨੇ ਜਤਾਈ ਵੱਡੀ ਚਿੰਤਾ

Friday, May 29, 2026 - 11:07 AM (IST)

ਤੇਲ ਸੰਕਟ ਹੋ ਸਕਦੈ ਹੋਰ ਡੂੰਘਾ! ਹੋਰਮੁਜ਼ ''ਚ ਫਸੇ 2,000 ਜਹਾਜ਼; ਅਮਰੀਕਾ ਨੇ ਜਤਾਈ ਵੱਡੀ ਚਿੰਤਾ

ਵਾਸ਼ਿੰਗਟਨ, (ਆਈ.ਏ.ਐੱਨ.ਐੱਸ.): ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘਟਣ ਦਾ ਨਾਮ ਨਹੀਂ ਲੈ ਰਿਹਾ। ਇਸ ਦੌਰਾਨ ਅਮਰੀਕਾ ਦੇ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਹੋਰਮੁਜ਼ ਸਟ੍ਰੇਟ ਦੇ ਆਲੇ-ਦੁਆਲੇ ਵਧੇ ਤਣਾਅ ਅਤੇ ਰੁਕਾਵਟਾਂ ਕਾਰਨ ਲਗਭਗ 2,000 ਜਹਾਜ਼ ਖਾੜੀ ਖੇਤਰ ਵਿੱਚੋਂ ਬਾਹਰ ਨਿਕਲਣ ਦੀ ਉਡੀਕ ਵਿੱਚ ਫਸੇ ਹੋਏ ਹਨ। ਇਹ ਰਸਤਾ ਦੁਨੀਆ ਭਰ ਵਿੱਚ ਤੇਲ ਅਤੇ ਤਰਲ ਕੁਦਰਤੀ ਗੈਸ (LNG) ਦੀ ਸਪਲਾਈ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਵਾਈਟ ਹਾਊਸ ਦੀ ਇੱਕ ਬ੍ਰੀਫਿੰਗ ਦੌਰਾਨ ਬੇਸੈਂਟ ਨੇ ਦੱਸਿਆ ਕਿ ਇਹ ਸ਼ਿਪਿੰਗ ਬੈਕਲਾਗ ਇੰਨਾ ਵੱਡਾ ਹੈ ਕਿ ਇਸ ਨੇ ਵਿਸ਼ਵ ਵਪਾਰ 'ਤੇ ਡੂੰਘਾ ਅਸਰ ਪਾਇਆ ਹੈ। ਟਰੰਪ ਪ੍ਰਸ਼ਾਸਨ ਦੇ ਇਸ ਅਹਿਮ ਮੈਂਬਰ ਨੇ ਦੱਸਿਆ ਕਿ ਜਹਾਜ਼ਾਂ ਦੀ ਇੰਨੀ ਵੱਡੀ ਗਿਣਤੀ ਦਾ ਫਸਣਾ ਇੱਕ ਗੰਭੀਰ ਸਥਿਤੀ ਹੈ, ਕਿਉਂਕਿ ਵਿਸ਼ਵ ਦੇ ਤੇਲ ਅਤੇ ਗੈਸ ਨਿਰਯਾਤ ਦਾ ਇੱਕ ਵੱਡਾ ਹਿੱਸਾ ਆਮ ਤੌਰ 'ਤੇ ਇਸੇ ਰਣਨੀਤਕ ਜਲਮਾਰਗ ਰਾਹੀਂ ਗੁਜ਼ਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਲਾਂਚ ਤੋਂ ਪਹਿਲਾਂ ਬਲੂ ਓਰਿਜਨ ਦੇ ਰਾਕੇਟ 'ਚ ਵੱਡਾ ਧਮਾਕਾ! ਹਿਲ ਗਏ ਨੇੜਲੇ ਘਰ

ਹਾਲਾਂਕਿ ਜਹਾਜ਼ਾਂ ਦੇ ਫਸੇ ਹੋਣ ਦੇ ਬਾਵਜੂਦ ਬੇਸੈਂਟ ਨੇ ਭਰੋਸਾ ਜਤਾਇਆ ਕਿ ਜਿਵੇਂ ਹੀ ਸ਼ਿਪਿੰਗ ਦੁਬਾਰਾ ਸ਼ੁਰੂ ਹੋਵੇਗੀ, ਗਲੋਬਲ ਮਾਰਕੀਟ ਇਸ ਰੁਕਾਵਟ ਤੋਂ ਉਭਰ ਜਾਵੇਗੀ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਰਸਤਾ ਖੁੱਲ੍ਹਣ ਤੋਂ ਬਾਅਦ ਬਾਜ਼ਾਰ ਵਿੱਚ ਤੇਲ ਦੀ ਭਰਪੂਰ ਸਪਲਾਈ ਹੋਵੇਗੀ, ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮੌਜੂਦਾ ਸਮੇਂ ਅਮਰੀਕੀ ਪ੍ਰਸ਼ਾਸਨ ਲਈ ਹੋਰਮੁਜ਼ ਸਟ੍ਰੇਟ ਵਿੱਚ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨਾ ਇੱਕ ਮੁੱਖ ਉਦੇਸ਼ ਬਣ ਗਿਆ ਹੈ। ਬੇਸੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਸਮੁੰਦਰੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਮੁਕਤ ਅਤੇ ਖੁੱਲ੍ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਰਸਤਾ ਖੁੱਲ੍ਹੇਗਾ, ਜਹਾਜ਼ਾਂ ਦਾ ਇੱਕ ਵੱਡਾ 'ਹੜ੍ਹ' ਬਾਹਰ ਨਿਕਲਦਾ ਦੇਖਿਆ ਜਾਵੇਗਾ।
 
ਇਸ ਸਮੇਂ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਕਾਰੋਬਾਰੀ ਸੰਸਥਾਵਾਂ ਇਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਜੇਕਰ ਊਰਜਾ ਦੀ ਸਪਲਾਈ ਵਿੱਚ ਇਹ ਰੁਕਾਵਟ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ, ਤਾਂ ਇਸ ਦਾ ਅਸਰ ਅੰਤਰਰਾਸ਼ਟਰੀ ਵਪਾਰ 'ਤੇ ਪੈ ਸਕਦਾ ਹੈ। ਬੇਸੈਂਟ ਅਨੁਸਾਰ ਬਾਜ਼ਾਰ ਅਜੇ ਵੀ ਲਚਕੀਲਾ ਹੈ ਅਤੇ ਜਲਦੀ ਹੀ ਸਥਿਤੀ ਸੁਧਰਨ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News