ਚੀਨ-ਅਮਰੀਕਾ ਵਿਚਕਾਰ ਜੰਗ ਵਰਗੇ ਹਾਲਾਤ, ਸ਼ਕਤੀ ਪ੍ਰਦਰਸ਼ਨ ਤਕ ਪਹੁੰਚੀ ਗੱਲ

08/04/2020 11:01:24 AM

ਜਲੰਧਰ, (ਵਿਸ਼ੇਸ਼)- ਸਾਡੇ ਗੁਆਂਢੀ ਦੇਸ਼ ਚੀਨ ਦੇ ਦੁਨੀਆ ਦੇ ਵੱਡੇ ਦੇਸ਼ਾਂ ਨਾਲ ਖਰਾਬ ਹੁੰਦੇ ਰਿਸ਼ਤਿਆਂ ਦੀ ਇਸ ਸੀਰੀਜ਼ ’ਚ ਅੱਜ ਅਸੀਂ ਚੀਨ ਅਤੇ ਅਮਰੀਕਾ ਦੇ ਵਿਗੜਦੇ ਰਿਸ਼ਤਿਆਂ ਦੀ ਗੱਲ ਕਰਾਂਗੇ। ਦੋਨਾਂ ਦੇਸ਼ਾਂ ’ਚ ਰਿਸ਼ਤੇ ਇਸ ਹੱਦ ਤਕ ਖਰਾਬ ਹੋ ਚੁੱਕੇ ਹਨ ਕਿ ਹਾਲਾਤ ਜੰਗ ਵਰਗੇ ਬਣੇ ਹੋਏ ਹਨ। ਇਹੋ ਨਹੀਂ, ਸਾਊਥ ਚਾਈਨਾ ਸੀ ਆਈਲੈਂਡ ਦੇ ਮੁੱਦੇ ’ਤੇ ਗੱਲ ਸਮੁੰਦਰ ’ਚ ਸ਼ਕਤੀ ਪ੍ਰਦਰਸ਼ਨ ਤਕ ਪਹੁੰਚ ਗਈ ਹੈ।
ਬੀਤੇ ਹਫਤੇ ਦੋਨਾਂ ਦੇਸ਼ਾਂ ’ਚ ਤਨਾਅ ਇਸ ਹੱਦ ਤਕ ਵਧ ਗਿਆ ਕਿ ਅਮਰੀਕੀ ਲੜਾਕੂ ਜਹਾਜ਼ ਸ਼ੰਘਾਈ ਦੇ ਨੇੜੇ ਤਕ ਆ ਗਏ। ਇਸ ਦੇ ਜਵਾਬ ’ਚ ਚੀਨ ਨੇ ਦੱਖਣ ਚੀਨ ਸਾਗਰ ’ਚ ਆਪਣੇ ਸਭ ਤੋਂ ਸ਼ਕਤੀਸ਼ਾਲੀ ਬੰਬ ਮਾਰੂ ਜਹਾਜ਼ ਨਾਲ ਜੰਗ ਦਾ ਅਭਿਆਸ ਕੀਤਾ। ਦੋਨਾਂ ਦੇਸ਼ਾਂ ’ਚ ਹੋ ਰਹੇ ਟਕਰਾਅ ਨਾਲ ਜੰਗ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ, ਪਰ ਕੀ ਦੋਨਾਂ ਦੇਸ਼ਾਂ ’ਚ ਰਿਸ਼ਤੇ ਸ਼ੁਰੂ ਤੋਂ ਅਜਿਹੇ ਸਨ। ਅੱਜ ਅਸੀਂ ਦੋਨਾਂ ਦੇਸ਼ਾਂ ਦੇ ਬਣਦੇ-ਵਿਗੜਦੇ ਰਿਸ਼ਤਿਆਂ ਦੀ ਗੱਲ ਕਰਾਂਗੇ।

236 ਸਾਲ ਤੋਂ ਜ਼ਿਆਦਾ ਪੁਰਾਣੇ ਰਿਸ਼ਤੇ

ਦੋਨਾਂ ਦੇਸ਼ਾਂ ਵਿਚਾਲੇ ਰਿਸ਼ਤੇ 236 ਸਾਲ ਤੋਂ ਜ਼ਿਆਦਾ ਪੁਰਾਣੇ ਹਨ। ਅਮਰੀਕੀ ਵਿਦੇਸ਼ ਮੰਤਰਾਲਾ ਦੇ ‘ਆਫਿਸ ਆਫ ਦਿ ਹਿਸਟੋਰੀਅਨ’ ਮੁਤਾਬਕ ਸਾਲ 1,784 ’ਚ ‘ਐਮਪ੍ਰੈੱਸ ਆਫ ਚਾਈਨਾ’ ਪਹਿਲਾਂ ਜਹਾਜ਼ ਸੀ ਜੋ ਅਮਰੀਕਾ ਤੋਂ ਚਨ ਦੇ ਗਵਾਂਗਜਾਓ ਪ੍ਰਾਂਤ ਪਹੁੰਚਿਆ ਸੀ। ਇਸ ਦੇ ਨਾਲ ਅਮਰੀਕਾ ਅਤੇ ਚੀਨ ਦਰਮਿਆਨ ਵਪਾਰਕ ਸਬੰਧਾਂ ਦੀ ਸ਼ੁਰੂਆਤ ਹੋਈ, ਜਿਸ ਵਿਚ ਚਾਹ ਪੱਤੀ, ਚੀਨੀ ਮਿੱਟੀ ਅਤੇ ਰੇਸ਼ਮ ਮੁੱਖ ਉਤਪਾਦ ਸਨ, ਪਰ ਉਸ ਦੌਰ ਤੋਂ ਲੈ ਕੇ 20ਵੀਂ ਸਦੀ ਤਕ ਰਿਸ਼ਤਿਆਂ ’ਚ ਉਤਾਰ-ਚੜਾਅ ਰਿਹਾ। 1972 ’ਚ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਆਮ ਰਿਸ਼ਤੇ ਬਣਾਉਮ ਵੱਲ ਕਦਮ ਵਧਾਇਆ। ਉਹ ਚੀਨ ਪਹੁੰਚੇ ਅਤੇ ਉਥੇ 8 ਦਿਨ ਬਿਤਾਏ। ਇਸ ਦਰਮਿਆਨ ਉਨ੍ਹਾਂ ਨੇ ਕਮਿਉਨਿਸਟ ਨੇਤਾ ਮਾਓਤਸੇ ਤੁੰਗ ਨਾਲ ਮੁਲਾਕਾਤ ਕੀਤੀ ਅਤੇ ‘ਸ਼ੰਘਾਈ ਕਮਿਊਨਿਕ’ ’ਤੇ ਦਸਤਖਤ ਕੀਤੇ ਜਿਸਨੂੰ ਚੀਨ ਅਤੇ ਅਮਰੀਕਾ ਦੇ ‘ਸੁਧਰਤੇ ਰਿਸ਼ਤੇ ਦਾ ਪ੍ਰਤੀਕ’ ਮੰਨਿਆ ਗਿਆ, ਪਰ ਹੁਣ ਪਿਛਲੇ ਇਕ ਸਾਲ ’ਚ ਦੋਨਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ ’ਤੇ ਤਨਾਅ ਬਣਿਆ ਹੋਇਆ ਹੈ।

ਦੋਨਾਂ ਦੇਸ਼ਾਂ ਨੇ ਬੰਦ ਕੀਤੇ ਦੂਤਘਰ

ਅਮਰੀਕਾ ਨੇ ਪਹਿਲਾਂ ਹਿਊਸਟਨ ਸਥਿਤ ਚੀਨੀ ਦੂਤਘਰ ਬੰਦ ਕੀਤਾ। ਇਸ ਦੂਤਘਰ ’ਚ ਕਾਗਜਾਤ ਅਤੇ ਦਸਤਾਵੇਜ ਸਾੜੇ ਜਾਣ ਦੀ ਖਬਰ ਤੋਂ ਬਾਅਦ ਅਮਰੀਕਾ ਨੇ 72 ਘੰਟਿਆਂ ਦਾ ਸਮਾਂ ਦਿੰਦੇ ਹੋਏ ਚੀਨ ਤੋਂ ਆਪ੍ਰੇਸ਼ਨ ਰੋਕਣ ਨੂੰ ਕਿਹਾ ਸੀ। ਇਸ ’ਤੇ ਨਾਰਾਜ਼ ਚੀਨ ਨੇ ਅਮਰੀਕਾ ਦੇ ਚੇਂਗਡੂ ਸਥਿਤ ਦੂਤਘਰ ਨੂੰ ਬੰਦ ਕਰ ਦਿੱਤਾ। ਚੀਨ ਨੇ ਇਸ ਤੋਂ ਬਾਅਦ ਹੀ ਦੋਸ਼ ਲਗਾਇਆ ਕਿ ਹਿਊਸਟਨ ’ਚ ਚੀਨੀ ਦੂਤਘਰ ਨੂੰ ਬੰਦ ਕਰਨ ਦਾ ਅਮਰੀਕਾ ਦਾ ਇਹ ਕਦਮ ਕੌਮਾਂਤਰੀ ਕਾਨੂੰਨਾਂ, ਕੌਮਾਂਤਰੀ ਸਬੰਧਾਂ ਦੇ ਆਮ ਨਿਯਮ ਅਤੇ ਚੀਨੀ-ਅਮਰੀਕੀ ਵਪਾਰਕ ਸਮਝੌਤੇ ਦੀ ਉਲੰਘਣਾ ਹੈ। ਇਸ ਨਾਲ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ’ਤੇ ਗੰਭੀਰ ਅਸਰ ਹੋਵੇਗਾ।

ਹਾਂਗਕਾਂਗ ’ਚ ‘ਸਖ਼ਤ’ ਰਾਸ਼ਟਰੀ ਸੁਰੱਖਿਆ ਕਾਨੂੰਨ ਨੇ ਵਿਗਾੜਿਆ ਖੇਡ

ਅਮਰੀਕਾ ਚੀਨ ਸਬੰਧੀ ਪਹਿਲਾਂ ਹੀ ਹਮਲਾਵਰ ਰੁਖ਼ ਅਪਨਾ ਰਿਹਾ ਸੀ, ਪਰ ਇਸ ਦਰਮਿਆਨ ਚੀਨ ਨੇ ਹਾਂਗਕਾਂਗ ਲਈ ਇਕ ‘ਸਖ਼ਤ’ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ। ਇਥੋਂ ਸਾਰਾ ਖੇਡ ਵਿਗੜਿਆ। ਅਮਰੀਕਾ ਨੇ ਇਸਦਾ ਜ਼ਬਰਦਸਤ ਵਿਰੋਧ ਕੀਤਾ। ਅਮਰੀਕਾ ਦੇ ਨਾਲ ਇਸ ਮਾਮਲੇ ’ਚ ਬ੍ਰਿਟੇਨ ਅਤੇ ਹੋਰ ਪੱਛਮੀ ਦੇਸ਼ ਵੀ ਚੀਨ ਦੇ ਖਿਲਾਫ ਖੜ੍ਹੇ ਹੋ ਗਏ। ਅਮਰੀਕਾ ਦੀ ਖੁਫੀਆ ਰਿਪੋਰਟ ਤੋਂ ਬਾਅਦ ਹੀ ਬ੍ਰਿਟੇਨ ਨੇ ਚੀਨ ਦੀ ਟੈਲੀਕਾਮ ਕੰਪਨੀ ਹੁਵਾਵੇਈ ਨੂੰ ਬ੍ਰਿਟੇਨ ਦੇ 5ਜੀ ਨੈੱਟਵਰਕ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਨਾਲ ਚੀਨ ਚਿੜ੍ਹ ਗਿਆ ਅਤੇ ਉਸਨੇ ਅਮਰੀਕਾ ਦੇ ਖਿਲਾਫ ਤਾਬੜਤੋੜ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਸਾਊਥ ਚਾਈਨਾ ਸੀ ਆਈਲੈਂਡ ’ਤੇ ਚੀਨ ਨੇ ਦਾਅਵਾ ਜਤਾਇਆ ਤਾਂ ਅਮਰੀਕਾ ਇਸਦੇ ਖਿਲਾਫ ਖੜ੍ਹਾ ਹੋ ਗਿਆ ਅਤੇ ਉਸਨੇ ਦੱਖਣ ਚੀਨ ਸਾਗਰ ’ਚ ਆਪਣੇ ਸਮੁੰਦਰੀ ਜਹਾਜ਼ ਉਤਾਰ ਦਿੱਤੇ। ਇਸ ਦੇ ਨਾਲ ਹੀ ਉਈਗਰ ਮੁਸਲਿਮਾਂ ’ਤੇ ਅੱਤਿਆਚਾਰ ਦੇ ਮਾਮਲੇ ’ਚ ਅਮਰੀਕਾ ਨੇ ਚੀਨ ਦੀਆਂ ਕੰਪਨੀਆਂ ’ਤੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ। ਫਿਲਹਾਲ ਅਮਰੀਕਾ ਹੁਣ ਚੀਨੀ ਕੰਪਨੀ ਦੇ ਮਾਲਕੀ ਵਾਲੀ ਟਿਕ-ਟੌਕ ਐਪ ’ਤੇ ਪਾਬੰਦੀ ਦੀ ਤਿਆਰੀ ਕਰ ਰਿਹਾ ਹੈ।

ਚੀਨੀ ਹੈਕਰਾਂ ਦੇ ਖਿਲਾਫ 2500 ਮਾਮਲੇ

ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਵਾਸ਼ਿੰਗਟਨ ਦੇ ਹਡਸਨ ਇੰਸਟੀਚਿਊਟ ’ਚ ਚੀਨ ਸਰਕਾਰ ਦੀ ਜਾਸੂਸੀ ਅਤੇ ਸੂਚਨਾਵਾਂ ਦੀ ਚੋਰੀ ਨੂੰ ਅਮਰੀਕਾ ਦੇ ਭਵਿੱਖ ਲਈ ‘ਹੁਣ ਤੱਕ ਦਾ ਸਭ ਤੋਂ ਵੱਡਾ ਲੰਬਾ ਖਤਰਾ’ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ਕਈ ਪੱਧਰਾਂ ’ਤੇ ਮੁਹਿੰਮ ਚਲਾ ਰਿਹਾ ਹੈ, ਉਸਨੇ ਵਿਦੇਸ਼ਾਂ ’ਚ ਰਹਿਣ ਵਾਲੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੂੰ ਵਾਪਸ ਮੁੜਨ ’ਤੇ ਮਜ਼ਬੂਰ ਕਰ ਰਿਹਾ ਹੈ ਅਤੇ ਅਮਰੀਕਾ ਦੇ ਕੋਰੋਨਾ ਵਾਇਰਸ ਖੋਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੇ ਨੇ ਕਿਹਾ ਕਿ ਅੱਜ ਅਸੀਂ ਅਜਿਹਾ ਸਥਿਤੀ ’ਚ ਆ ਖੜ੍ਹੇ ਹੋਏ ਹਾਂ ਜਿਥੇ ਐੱਫ. ਬੀ. ਆਈ. ਨੂੰ ਹਰ 10 ਘੰਟੇ ’ਚ ਚੀਨ ਨਾਲ ਜੁੜੇ ਕਿਸੇ ਖੁਫੀਆ ਮਾਮਲੇ ਨੂੰ ਦਰਜ ਕਰਨਾ ਪੈ ਰਿਹਾ ਹੈ। ਅਜੇ ਦੇਸ਼ ਭਰ ’ਚ ਅਜਿਹੇ 5000 ਮਾਮਲੇ ਦਰਜ ਹਨ ਜਿਨ੍ਹਾਂ ਵਿਚ ਲਗਭਗ 2500 ਮਾਮਲੇ ਚੀਨੀ ਹੈਕਰਾਂ ਦੇ ਖਿਲਾਫ ਹਨ।


Lalita Mam

Content Editor

Related News