ਅਮਰੀਕੀ ਫੌਜੀਆਂ ਨੂੰ ਭੂਚਾਲ ਪੀੜਤ ਹੈਤੀ ਦੀ ਸਹਾਇਤਾ ਲਈ ਭੇਜਿਆ
Thursday, Aug 19, 2021 - 11:20 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਹੈਤੀ ’ਚ ਆਏ ਜ਼ਬਰਦਸਤ ਭੂਚਾਲ ਨੇ ਇਸ ਦੇਸ਼ ’ਚ ਕਾਫੀ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਇਸ ਭੂਚਾਲ ਨੇ ਹੈਤੀ ’ਚ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਖੋਜ ਅਤੇ ਬਚਾਅ ਟੀਮਾਂ ਨੂੰ ਮਲਬੇ ’ਚ ਬੁੱਧਵਾਰ ਨੂੰ ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ। ਹੈਤੀ ਸਿਵਲ ਪ੍ਰੋਟੈਕਸ਼ਨ ਦੇ ਦਫਤਰ ਨੇ ਬੁੱਧਵਾਰ ਦੱਸਿਆ ਕਿ ਘੱਟੋ-ਘੱਟ 2189 ਲੋਕਾਂ ਦੀ ਮੌਤ ਇਸ ਭੂਚਾਲ ਕਾਰਨ ਹੋ ਗਈ ਹੈ ਅਤੇ 12,268 ਜ਼ਖਮੀ ਹਸਪਤਾਲਾਂ ’ਚ ਦਾਖਲ ਹਨ, ਜਦਕਿ 332 ਅਜੇ ਵੀ ਲਾਪਤਾ ਹਨ।
ਹੈਤੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਘੱਟੋ-ਘੱਟ 6,00,000 ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਅਤੇ 1,35,000 ਪਰਿਵਾਰ ਉੱਜੜ ਗਏ ਹਨ। ਇਸ ਸੰਕਟ ਦੇ ਸਮੇਂ ਅਮਰੀਕਾ ਵੱਲੋਂ ਹੈਤੀ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਸਹਾਇਤਾ ਦੇ ਯਤਨਾਂ ਦੀ ਲੜੀ ਤਹਿਤ ਵਧੇਰੇ ਅਮਰੀਕੀ ਫੌਜਾਂ ਨੂੰ ਹੈਤੀ ’ਚ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਲਈ ਨੇਵੀ ਦਾ ਜੰਗੀ ਜਹਾਜ਼ ਯੂ. ਐੱਸ. ਐੱਸ. ਅਰਲਿੰਗਟਨ, 600 ਤੋਂ ਵੱਧ ਫੌਜੀ ਮੈਂਬਰਾਂ ਨੂੰ ਲੈ ਕੇ ਰਵਾਨਾ ਹੋਇਆ ਹੈ, ਜੋ ਸ਼ੁੱਕਰਵਾਰ ਨੂੰ ਹੈਤੀ ਪਹੁੰਚੇਗਾ। ਇਹ ਫੌਜੀ ਜ਼ਬਰਦਸਤ ਭੂਚਾਲ ਦਾ ਸਾਹਮਣਾ ਕਰ ਰਹੇ ਹੈਤੀ ’ਚ ਸੁਰੱਖਿਆ ਕਾਰਜਾਂ ’ਚ ਸਹਾਇਤਾ ਕਰਨਗੇ।