ਨਵਾਂ ਅਤੇ ਵਿਸ਼ਾਲ ਜੰਗੀ ਜਹਾਜ਼ ‘ਬੈਟਲਸ਼ਿਪ’ ਬਣਾਵੇਗਾ ਅਮਰੀਕਾ
Wednesday, Dec 24, 2025 - 05:39 AM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਵੀ ਲਈ ਇਕ ਨਵਾਂ ਅਤੇ ਵਿਸ਼ਾਲ ਜੰਗੀ ਜਹਾਜ਼ ਬਣਾਉਣ ਦੀ ਇਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ। ਇਹ ਯੋਜਨਾ ਉਨ੍ਹਾਂ ਦੇ ਵਿਆਪਕ ਦ੍ਰਿਸ਼ਟੀਕੋਣ ‘ਗੋਲਡਨ ਫਲੀਟ’ ਦਾ ਹਿੱਸਾ ਹੈ।
ਫਲੋਰੀਡਾ ਵਿਚ ਆਪਣੇ ‘ਮਾਰ-ਏ-ਲਾਗੋ’ ਰਿਜ਼ਾਰਟ ਵਿਚ ਯੋਜਨਾ ਦਾ ਐਲਾਨ ਕਰਦੇ ਹੋਏ ਟਰੰਪ ਨੇ ਦਾਅਵਾ ਕੀਤਾ ਕਿ ਇਹ ਜਹਾਜ਼ ‘ਸਭ ਤੋਂ ਤੇਜ਼, ਸਭ ਤੋਂ ਵੱਡਾ ਅਤੇ ਸੌ ਗੁਣਾ ਜ਼ਿਆਦਾ ਸ਼ਕਤੀਸ਼ਾਲੀ’ ਹੋਵੇਗਾ। ਟਰੰਪ ਦੇ ਅਨੁਸਾਰ ਇਸ ਸ਼੍ਰੇਣੀ ਦੇ ਪਹਿਲੇ ਜਹਾਜ਼ ਨੂੰ ‘ਯੂ. ਐੱਸ. ਐੱਸ. ਡਿਫਾਂਇਟ’ ਕਿਹਾ ਜਾਵੇਗਾ। ਇਹ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਆਇਓਵਾ-ਸ਼੍ਰੇਣੀ ਦੇ ਜੰਗੀ ਜਹਾਜ਼ਾਂ ਨਾਲੋਂ ਲੰਬਾ ਅਤੇ ਵੱਡਾ ਹੋਵੇਗਾ ਅਤੇ ਹਾਈਪਰਸੋਨਿਕ ਮਿਜ਼ਾਈਲਾਂ, ਪ੍ਰਮਾਣੂ ਕਰੂਜ਼ ਮਿਜ਼ਾਈਲ, ਰੇਲ ਗੰਨ ਅਤੇ ਉੱਚ-ਸ਼ਕਤੀ ਵਾਲੇ ਲੇਜ਼ਰ ਵਰਗੇ ਹਥਿਆਰਾਂ ਨਾਲ ਲੈਸ ਹੋਵੇਗਾ।
